ਪਰਾਲੀ: ਪੰਜਾਬ 'ਤੇ ਇਲਜਾਮ ਲਾਉਣ ਵਾਲੇ ਹਰਿਆਣਾ ਦਾ ਪ੍ਰਦੂਸ਼ਨ ਵੇਖ ਲੈਣ
2 ਜ਼ਿਲ੍ਹਿਆਂ 'ਚ ਬਣੇ ਗੈਸ ਚੈਂਬਰ
By : BikramjeetSingh Gill
ਹਿਸਾਰ : ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਕਾਰਨ ਹਰਿਆਣਾ ਵਿੱਚ ਹਵਾ ਦੀ ਹਾਲਤ ਵਿਗੜ ਗਈ ਹੈ। ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ (AQI) 500 ਤੱਕ ਪਹੁੰਚ ਗਈ ਹੈ। ਜਿਸ ਕਾਰਨ ਆਮ ਵਿਅਕਤੀ ਵੀ ਬਿਮਾਰ ਹੋ ਸਕਦਾ ਹੈ। ਏਕਿਊਆਈ 416 ਹੋਣ ਕਾਰਨ ਫਤਿਹਾਬਾਦ ਵਿੱਚ ਵੀ ਇਹੀ ਸਥਿਤੀ ਬਣੀ ਹੈ।
ਸੂਬੇ 'ਚ ਪੀ.ਐੱਮ.-10 ਵਧਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਗੁਰੂਗ੍ਰਾਮ ਅਤੇ ਫਤਿਹਾਬਾਦ 'ਚ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਦਿੱਲੀ ਐਨਸੀਆਰ ਵਿੱਚ ਗ੍ਰੇਪ ਟੂ ਲਾਗੂ ਕਰ ਦਿੱਤਾ ਗਿਆ ਹੈ। ਹਰਿਆਣਾ ਦੇ 14 ਜ਼ਿਲ੍ਹੇ ਐਨਸੀਆਰ ਅਧੀਨ ਆਉਂਦੇ ਹਨ। ਜਿਸ ਵਿੱਚ ਫਰੀਦਾਬਾਦ, ਗੁਰੂਗ੍ਰਾਮ, ਨੂਹ, ਰੋਹਤਕ, ਸੋਨੀਪਤ, ਰੇਵਾੜੀ, ਝੱਜਰ, ਪਾਣੀਪਤ, ਪਲਵਲ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਜੀਂਦ ਅਤੇ ਕਰਨਾਲ ਸ਼ਾਮਲ ਹਨ।
ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸੂਬੇ ਵਿੱਚ ਹੁਣ ਤੱਕ 713 ਥਾਵਾਂ 'ਤੇ ਪਰਾਲੀ ਸਾੜੀ ਜਾ ਚੁੱਕੀ ਹੈ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਹਰਿਆਣਾ ਸਰਕਾਰ ਵੀ ਕੁਝ ਕਦਮ ਚੁੱਕਦੀ ਨਜ਼ਰ ਆ ਰਹੀ ਹੈ।
ਸਰਕਾਰ ਨੇ 26 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। 11 ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ ਜਦਕਿ 383 ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ 186 ਕਿਸਾਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਜਦਕਿ 34 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।