ਪੰਜਾਬ ਦੇ ਇਕ ਹੋਰ ਪਿੰਡ ਵਿਚ ਪ੍ਰੇਮ ਵਿਆਹ ਵਾਲੇ ਜੋੜੇ ਦਾ ਸਮਾਜਿਕ ਬਾਈਕਾਟ
ਵਿਆਹ ਤੋਂ ਬਾਅਦ ਇਹ ਜੋੜਾ ਪਿੰਡ ਛੱਡ ਕੇ ਚਲਾ ਗਿਆ ਸੀ, ਪਰ ਕੁਝ ਸਮਾਂ ਪਹਿਲਾਂ ਉਹ ਆਪਣੇ ਦੋ ਬੱਚਿਆਂ ਨਾਲ ਵਾਪਸ ਪਿੰਡ ਆ ਕੇ ਰਹਿਣ ਲੱਗ ਪਏ।

By : Gill
ਪਟਿਆਲਾ ਦੇ ਨਾਭਾ ਤਹਿਸੀਲ ਦੇ ਪਿੰਡ ਗਲਵੱਟੀ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੀ ਪੰਚਾਇਤ ਅਤੇ ਵਸਨੀਕਾਂ ਨੇ ਇੱਕ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਹੈ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਨੇ ਸਾਲ 2016 ਵਿੱਚ ਪ੍ਰੇਮ ਵਿਆਹ ਕੀਤਾ ਸੀ।
ਕੀ ਹੈ ਮਾਮਲੇ ਦੀ ਜੜ੍ਹ?
ਵਿਆਹ ਤੋਂ ਬਾਅਦ ਇਹ ਜੋੜਾ ਪਿੰਡ ਛੱਡ ਕੇ ਚਲਾ ਗਿਆ ਸੀ, ਪਰ ਕੁਝ ਸਮਾਂ ਪਹਿਲਾਂ ਉਹ ਆਪਣੇ ਦੋ ਬੱਚਿਆਂ ਨਾਲ ਵਾਪਸ ਪਿੰਡ ਆ ਕੇ ਰਹਿਣ ਲੱਗ ਪਏ। ਇਸ ਤੋਂ ਬਾਅਦ ਦਿਲਪ੍ਰੀਤ ਕੌਰ ਅਤੇ ਉਸਦੇ ਮਾਤਾ-ਪਿਤਾ ਵਿਚਕਾਰ ਲਗਾਤਾਰ ਝਗੜੇ ਹੋਣ ਲੱਗ ਪਏ। ਪਿੰਡ ਵਾਲਿਆਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਤਰਨਜੀਤ ਸਿੰਘ ਨੂੰ ਆਪਣੇ ਪਰਿਵਾਰ ਨਾਲ ਪਿੰਡ ਛੱਡਣ ਦੀ ਬੇਨਤੀ ਕੀਤੀ, ਪਰ ਤਰਨਜੀਤ ਸਿੰਘ ਇਸ ਲਈ ਤਿਆਰ ਨਹੀਂ ਹੋਇਆ। ਇਸ ਕਾਰਨ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ 'ਤੇ ਉਸਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਲਿਆ।
ਤਰਨਜੀਤ ਸਿੰਘ ਨੇ ਕਿਹਾ ਹੈ ਕਿ ਪਿੰਡ ਵਾਸੀ ਉਨ੍ਹਾਂ 'ਤੇ ਪਿੰਡ ਛੱਡਣ ਲਈ ਦਬਾਅ ਪਾ ਰਹੇ ਹਨ, ਜਦਕਿ ਉਹ ਪਿੰਡ ਵਿੱਚ ਹੀ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸ ਮਾਮਲੇ ਬਾਰੇ ਚੌਕੀ ਇੰਚਾਰਜ ਨੇ ਦੱਸਿਆ ਕਿ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।


