ਵਿਦੇਸ਼ੀ ਧਰਤੀ 'ਤੇ ਪੰਜਾਬੀਅਤ ਦੀ ਮਹਿਕ: ਆਸ਼ਾ ਸ਼ਰਮਾ -
ਸਮਾਗਮ: ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਸਲਾਨਾ ਕਬੱਡੀ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ।

By : Gill
ਫਰਿਜ਼ਨੋ (ਕੈਲੇਫੋਰਨੀਆ, ਅਮਰੀਕਾ) ਦੇ ਲਾਗਲੇ ਪੰਜਾਬੀ ਭਾਈਚਾਰੇ ਦੀ ਪਹਿਲੀ ਵਸੋਂ ਵਾਲੇ ਕਸਬੇ ਸਨਵਾਕੀਨ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਵੱਲੋਂ ਸਲਾਨਾ ਕਬੱਡੀ ਟੂਰਨਾਮੈਂਟ ਅਤੇ ਪਰਿਵਾਰਕ ਪਿਕਨਿਕ ਹੋ ਰਹੀ ਸੀ। ……।
ਮੈਦਾਨ ਖੱਚਾ ਖੱਚ ਭਰਿਆ ਹੋਇਆ ਸੀ। ਇੰਝ ਜਾਪਦਾ ਸੀ ਕਿ ਨਵੇਂ ਨਵੇਂ ਕੱਪੜੇ ਪਹਿਨ ਕੇ ਪੰਜਾਬ ਦੀਆਂ ਤ੍ਰੀਮਤਾਂ ਕਿਸੇ ਅੱਧੀ ਸਦੀ ਪੁਰਾਣੇ ਪੰਜਾਬ ਦੇ ਮੇਲੇ ਵਿੱਚ ਕੱਠੀਆਂ ਹੋਈਆਂ ਹੋਣ । ਤੇ ਪੰਜਾਬੀ ਗੱਭਰੂ ਮੋਰਾਂ ਵਾਂਗੂੰ ਪੈਲਾਂ ਪਾਉਂਦੇ ਹੋਣ। ਸਟੇਜ਼ ਤੋਂ ਸ਼ੁਧ ਪੰਜਾਬੀ ਮਲਵਈ ਬੋਲੀ ਵਿੱਚ ਸੋਹਣੇ ਸੋਹਣੇ ਸ਼ੇਅਰਾਂ ਨਾਲ ਸੰਚਾਲਨ ਹੋ ਰਿਹਾ ਸੀ।
ਸ਼ੇਅਰ ਬੋਲਦੇ ਬੋਲਦੇ ਮਾਈਕ 'ਚੋਂ ਆਵਾਜ਼ ਆਈ ਕਿ ਇਸ ਮੇਲੇ ਵਿੱਚ ਮੇਰੇ ਪੇਕਿਆਂ ਤੋਂ ਮੇਰਾ ਨਿੱਕਾ ਵੀਰ ਅਸ਼ੋਕ ਆਇਆ ਐ ਜਿੱਥੇ ਵੀ ਹੋਵੇ ਵੀਰ ਸਟੇਜ਼ ਤੇ ਆਜਾ। ਇਹ ਆਵਾਜ਼ ਸੀ ਭੈਣ #ਆਸ਼ਾ_ਸ਼ਰਮਾ ਦੀ। ਮੈਂ ਸਟੇਜ਼ ਤੇ ਗਿਆ ਆਸ਼ਾ ਨੇ ਮੈਨੂੰ ਇੰਝ ਗਲਵਕੜੀ ਵਿੱਚ ਲੈ ਲਿਆ ਜਿਵੇਂ ਚਿਰਾਂ ਤੋਂ ਦੂਰ ਵਿਆਹੀ ਵੱਡੀ ਭੈਣ ਆਪਣੇ ਸੌਹਰੇ ਪੁੱਜੇ ਛੋਟੇ ਭਰਾ ਨੂੰ ਗਲਵੱਕੜੀ ਪਾਉਂਦੀ ਐ ਸਿਰ ਪਲੋਸਦੀ ਐ ਉਹਦਾ ਚਿਹਰਾ ਨਿਹਾਰਦੀ ਐ। ਬੇਸ਼ੱਕ ਮੇਰੇ ਕੋਈ ਅੰਮਾਂ ਜਾਈ ਭੈਣ ਨਹੀਂ ਪਰ ਉਸ ਦਿਨ ਆਸ਼ਾ ਨੇ ਮਾਂ ਤੇ ਵੱਡੀ ਭੈਣ ਦੋਵਾਂ ਦੀ ਈ ਖਾਲੀ ਥਾਂ ਭਰ ਦਿੱਤੀ। ਮੇਰੀਆਂ ਅੱਖਾਂ 'ਚ ਅੱਥਰੂ ਆ ਗਏ। ਸੱਤ ਸਮੁੰਦਰੋਂ ਪਾਰ ਪੰਜਾਬੀ ਰਿਸ਼ਤਿਆਂ ਦੇ ਨਿੱਘ ਨੂੰ ਮਾਣਦਿਆਂ ਮੇਰਾ ਗੱਚ ਭਰ ਆਇਆ
#ਆਸ਼ਾ_ਸ਼ਰਮਾ, ਪੰਜਾਬੀ ਸੱਭਿਆਚਾਰ, ਕਲਾ ਅਤੇ ਸਟੇਜ਼ ਦੀ ਉਹ ਸ਼ਖ਼ਸੀਅਤ ਐ, ਜੋ ਹਰ ਵਕਤ ਪੰਜਾਬੀਅਤ ਵਿੱਚ ਰੰਗੀ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਖੈਰ ਮੰਗਦੀ ਐ। ਓਪਰੀ ਧਰਤੀ ਤੇ ਮਾਂ ਬੋਲੀ ਦਾ ਪ੍ਰਚਾਰ ਕਰਦੀ ਐ । ਠੇਨ ਮਲਵਈ ਪੰਜਾਬੀ ਬੋਲੀ, ਪੰਜਾਬੀ ਪਹਿਰਾਵਾ, ਪੰਜਾਬੀ ਖਾਣਾ। ਉਸਦਾ ਅਕੀਦਾ ਐ
ਧੂਰੀ ਸ਼ਹਿਰ ਦੇ ਲਾਗਲੇ ਪਿੰਡ ਸੇਖਾ (ਬਰਨਾਲਾ ) ਮਾਲਵੇ ਦੇ ਐਨ ਗੜ੍ਹ ਵਿੱਚ ਜਨਮ ਲੈਣ ਵਾਲੀ ਆਸ਼ਾ ਸ਼ਰਮਾ ਜੀ ਨੇ ਆਪਣੇ ਜੀਵਨ ਦਾ ਜਿਆਦਾ ਸਮਾਂ ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਬਿਤਾਇਆ। ਇਹਨਾਂ ਨੇ ਐਮ. ਏ. ਅੰਗਰੇਜ਼ੀ ਅਤੇ ਬੀ ਐਡ ਤੱਕ ਦੀ ਪੜ੍ਹਾਈ ਸਰਵੋਤਮ ਸਟੂਡੈਂਟ ਦੇ ਤੌਰ ਤੇ ਪੂਰੀ ਕੀਤੀ।ਉਹ ਕਾਲਜ ਸਮੇਂ ਏਥੋਂ ਦੇ ਮੈਗਜ਼ੀਨ ਦੇ ਐਡੀਟਰ ਵੀ ਰਹੀ। ਪੰਜਾਬੀ ਯੂਨੀਵਰਸਿਟੀ ਦੇ ਬੈਸੱਟ ਡਿਬੇਟਰ ਵੀ ਰਹੀ। ਪੜ੍ਹਾਈ ਪੂਰੀ ਕਰਨ ਉਪਰੰਤ ਇਹਨਾਂ ਨੇ ਲੁਧਿਆਣਾ ਸ਼ਹਿਰ ਦੇ ਸੇਕਰਡ ਹਾਰਟ ਸਕੂਲ (ਸਰਾਭਾ ਨਗਰ) ਅਤੇ ਬੀ. ਸੀ. ਐਮ. ਆਰੀਆ ਸਕੂਲ ਲੁਧਿਆਣਾ ਵਿੱਚ ਪੜ੍ਹਾਇਆ ‘ਤੇ ਫਿਰ ਸਹਿਣੇ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਵਜੋਂ ਆਪਣੇ ਵਿਦਿਆਰਥੀਆਂ ਨੂੰ ਗਿਆਨ ਦੀ ਰੋਸ਼ਨੀ ਵੰਡੀ। ਬਾਅਦ ਵਿੱਚ ਪੰਜਾਬ ਸਿੱਖਿਆ ਵਿਭਾਗ ਵੱਲੋਂ ਇਹਨਾਂ ਨੂੰ ਸੀਨੀਅਰ ਪ੍ਰੋਜੈਕਟ ਆਫੀਸਰ (ਕਲਚਰ) ਵੀ ਲਗਾਇਆ ਗਿਆ।
ਅਧਿਆਪਨ ਦੇ ਦੌਰ ਤੋਂ ਹੀ ਆਸ਼ਾ ਸ਼ਰਮਾ ਨੇ ਸਟੇਜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਇਹਨਾਂ ਨੇ ਪੰਜਾਬ ਵਿੱਚ ਸੈਂਕੜੇ ਸਟੇਜਾਂ ਕਰਕੇ ਅਜਿਹੀ ਵਾਹ ਵਾਹ ਖੱਟੀ ਕਿ ਉਸ ਤੋਂ ਪਿੱਛੋਂ ਫਿਰ ਇਹਨਾਂ ਨੇ ਕਦੇ ਪਿੱਛੇ-ਮੁੜਕੇ ਨਹੀਂ ਵੇਖਿਆ । ਓਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਹਰ ਵੱਡੀ-ਛੋਟੀ ਸਟੇਜ ਦੀ ਸ਼ਾਹ ਰਗ ਬਣੇ ਹੋਏ ਹਨ।
ਕਾਫੀ ਸਮੇਂ ਤੋਂ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਵਿੱਚ ਵੱਸਦਿਆਂ ਆਸ਼ਾ ਜੀ ਨਾ ਸਿਰਫ਼ ਸਟੇਜ ਦੀ ਰੌਣਕ ਬਣੇ, ਸਗੋਂ ਅਮਰੀਕਾ ਦੀ ਧਰਤੀ ਤੋਂ ਗੀਤ-ਸੰਗੀਤ ਰੇਡੀਓ ਦੇ ਮਾਧਿਅਮ ਰਾਹੀਂ ਹਰ ਘਰ ਦੇ ਵਿਹੜੇ ਦੀ ਰੌਣਕ ਵੀ ਬਣੇ।ਅੱਜ ਵੀ ਉਹ ਸਟੇਜਾਂ ਅਤੇ ਰੇਡੀਓ, ਦੋਹਾਂ ਰਾਹੀਂ ਭਾਈਚਾਰੇ ਦੀ ਸੇਵਾ ਕਰ ਰਹੇ ਨੇ।
ਕੋਈ ਵੀ ਪੰਜਾਬੀ ਮੇਲਾ ਜਾਂ ਸਮਾਗਮ ਉਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਧੂਰਾ ਲੱਗਦਾ ਹੈ। ਸਟੇਜ ’ਤੇ ਉਹ ਜਦ ਕਿਸੇ ਕਲਾਕਾਰ ਨੂੰ ਪੇਸ਼ ਕਰਦੇ ਹਨ, ਤਾਂ ਓਸ ਕਲਾਕਾਰ ਦੀ ਕਲਾ, ਮਿਹਨਤ, ਅਤੇ ਯਾਤਰਾ ਨੂੰ ਇੰਨੇ ਸੁਚੱਜੇ ਢੰਗ ਨਾਲ ਦਰਸਾਉਂਦੇ ਹਨ ਕਿ ਦਰਸ਼ਕ ਅਸ਼-ਅਸ਼ ਕਰ ਉੱਠਦੇ ਹਨ। ਉਹਨਾਂ ਦੀ ਸ਼ਾਇਰੀ ਦੀ ਪਕੜ ਐਸੀ ਹੈ, ਜਿਵੇਂ ਕਿਤਾਬਾਂ ਦੀਆਂ ਕਿਤਾਬਾਂ ਉਨ੍ਹਾਂ ਦੇ ਜ਼ਿਹਨ ‘ਚ ਹੋਣ।
ਬੇਹੱਦ ਮਿੱਠਾ ਬੋਲ, ਨਿਮਰਤਾ ਭਰਿਆ ਸੁਭਾਅ, ਤੇ ਸਾਦਗੀ ਉਨ੍ਹਾਂ ਦੀ ਪਹਿਚਾਣ ਹੈ। ਵਡਿਆਈ ਦੇ ਬਾਵਜੂਦ ਉਹ ਧਰਤੀ ਨਾਲ ਜੁੜੇ ਰਹਿੰਦੇ ਨੇ, ਹੰਕਾਰ ਨੂੰ ਕਦੇ ਓਹ ਕੋਲ ਨਹੀਂ ਆਉਣ ਦਿੰਦੇ। ਹਰ ਇੱਕ ਨੂੰ ਖੁੱਲ੍ਹੀ ਮੁਸਕਾਨ ਨਾਲ ਮਿਲਣਾ ਉਨ੍ਹਾਂ ਦੀ ਆਦਤ ਨਹੀਂ, ਸਗੋਂ ਫਿਤਰਤ ਹੈ।
ਉਨ੍ਹਾਂ ਦੇ ਜੀਵਨ ਸਾਥੀ ਹਰਮੋਹਨ ਸਿੰਘ ਜੀ ਇਕ ਪੜ੍ਹੇ ਲਿਖੇ, ਨਿਮਰ ਤੇ ਕਿਰਤ ਕਰਨ ਵਾਲੇ ਬਹੁਤ ਪਿਆਰੇ ਇਨਸਾਨ ਹਨ। ਉਨ੍ਹਾਂ ਦੀ ਇੱਕ ਲਾਇਕ ਧੀ ਵੀ ਹੈ, ਜਿਸਦਾ ਬਹੁਤ ਪਿਆਰਾ ਨਾਮ ਸੁਕ੍ਰਿਤੀ ਹੈ। ਜੋ ਆਪਣੀ ਮਾਂ ਵਾਂਗ ਹੀ ਇੱਕ ਨਿੱਖਰੀ ਹੋਈ ਸ਼ਖ਼ਸੀਅਤ ਰੱਖਦੀ ਹੈ। ਇਹਨਾਂ ਦੇ ਜਵਾਈ ਅਭੀਨਵ ਸਿੰਘ ਪਲਾਹੀ, ਮਸ਼ਹੂਰ ਕਹਾਣੀਕਾਰ ਅਤੇ ਸਮਾਜ ਸੇਵੀ ਸ. ਗੁਰਮੀਤ ਸਿੰਘ ਪਲਾਹੀ ਦੇ ਬੇਟੇ ਹਨ। ਆਸ਼ਾ ਸ਼ਰਮਾ ਜੀ ਆਪਣੇ ਜਵਾਈ ਤੇ ਕੁੜਮ, ਪਲਾਹੀ ਪਰਿਵਾਰ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ। ਆਸ਼ਾ ਸ਼ਰਮਾ ਜੀ ਦਾ ਆਪਣੇ ਦੋਵੇਂ ਦੋਹਤਿਆਂ ਨਾਲ ਵੱਖਰਾ ਹੀ ਪਿਆਰ ਹੈ।
ਆਸ਼ਾ ਸ਼ਰਮਾ ਆਪਣੇ ਪਿਤਾ ਸਵ. ਮਾਸਟਰ ਸਰੂਪ ਸਿੰਘ ਜੀ ਨੂੰ ਆਪਣਾ ਅਦਰਸ਼ ਮੰਨਦੇ ਹਨ ‘ਤੇ ਉਹ ਅਦਰਸ਼ ਜੋ ਉਨ੍ਹਾਂ ਦੀ ਸੋਚ, ਕਿਰਦਾਰ ਅਤੇ ਜੀਵਨ ਰਾਹ ਨੂੰ ਅੱਜ ਵੀ ਰੁਸ਼ਨਾ ਰਿਹਾ ਹੈ।
ਆਸ਼ਾ ਸ਼ਰਮਾ ਨਾ ਸਿਰਫ ਸਟੇਜ ਤੇ ਰੇਡੀਓ ਦੀ ਆਵਾਜ਼ ਹਨ, ਸਗੋਂ ਪੰਜਾਬੀਅਤ ਦੀ ਮਿੱਠੀ ਮਹਿਕ ਹਨ, ਜੋ ਜਿੱਥੇ ਵੀ ਜਾਂਦੇ ਨੇ, ਸਭਨੂੰ ਆਪਣਾ ਬਣਾ ਲੈਂਦੇ ਹਨ, ਸਭ ਦੇ ਦਿਲਾਂ ਨੂੰ ਛੂਹ ਜਾਂਦੇ ਹਨ। ਦੁਆ ਹੈ ਕਿ ਸਾਡੀ ਭੈਣ ਆਸ਼ਾ ਸ਼ਰਮਾ ਲੰਮੀਆਂ ਉਮਰਾਂ ਮਾਣੇ ਤੇ ਇਸੇ ਤਰਾਂ ਪੰਜਾਬੀਅਤ ਦੀ ਮਹਿਕ ਖਿਲਾਰਦੀ ਰਹੇ।
ਅਸ਼ੋਕ ਬਾਂਸਲ ਮਾਨਸਾ


