ਫ਼ਿਰੋਜ਼ਪੁਰ ਵਿਚ ਚੱਲੀਆਂ ਗੋਲੀਆਂ, ਲੜਕੀ ਦੀ ਮੌਤ
ਇੱਕੋ ਪਰਿਵਾਰ ਦੇ ਸਾਰੇ ਮੈਂਬਰ ਜ਼ਖ਼ਮੀ

By : Gill
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਸ਼ਹਿਰ ਦੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਨੇੜੇ ਮੰਗਲਵਾਰ ਦੁਪਹਿਰ ਨੂੰ ਸ਼ਰੇਆਮ ਗੋਲੀਬਾਰੀ ਕੀਤੀ ਗਈ। ਬਾਈਕ ਸਵਾਰ ਹਮਲਾਵਰਾਂ ਨੇ ਕਾਰ 'ਚ ਸਵਾਰ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਗੋਲੀਬਾਰੀ ਦੀ ਘਟਨਾ ਵਿੱਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ ਦੋ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗੈਂਗ ਵਾਰ ਦਾ ਨਤੀਜਾ ਹੈ।
ਮਿ੍ਤਕ ਲੜਕੀ ਦੀ ਪਹਿਚਾਣ ਜਸਪ੍ਰੀਤ ਕੌਰ ਪੁੱਤਰੀ ਅਕਾਸ਼ਦੀਪ ਸਿੰਘ ਵਾਸੀ ਕੰਬੋਜ ਨਗਰ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ, ਜਦਕਿ ਲੜਕੀ ਦਾ ਪਿਤਾ ਅਕਾਸ਼ਦੀਪ, ਭਰਾ ਦਿਲਪ੍ਰੀਤ ਸਿੰਘ ਅਤੇ ਅਨਮੋਲ ਸਿੰਘ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ | ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਅਨਮੋਲ ਸਿੰਘ ਕਾਰ ਚਲਾ ਰਿਹਾ ਸੀ।
ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਮਹੀਨੇ ਬਾਅਦ ਵਿਆਹ ਹੋਣਾ ਸੀ। ਪਰਿਵਾਰ ਉਕਤ ਵਿਆਹ ਦੀ ਖਰੀਦਦਾਰੀ ਲਈ ਬਾਹਰ ਗਿਆ ਹੋਇਆ ਸੀ। ਗੋਲੀ ਲੱਗਣ ਕਾਰਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ 'ਤੇ ਵੱਡੀ ਗਿਣਤੀ 'ਚ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਨਾਕਾਬੰਦੀ ਕਰ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਲਈ ਰਸਤੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


