ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ : ਸ਼ਰਾਰਤੀ ਤੱਤਾਂ ਵਿਰੁਧ ਕਾਰਵਾਈ ਦੀ ਮੰਗ
ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿਰਫ਼ ਸਿੱਖ ਜਗਤ ਦੀ ਨਿਹਾਲੀ ਨਹੀਂ, ਬਲਕਿ ਪੂਰੀ ਮਾਨਵਤਾ ਲਈ ਸ਼ਾਂਤੀ, ਸਰਬੱਤ ਦਾ ਭਲਾ ਅਤੇ ਸਮਰਸਤਾ ਦਾ ਕੇਂਦਰ ਹੈ।

By : Gill
ਅਮ੍ਰਿਤਸਰ 20 ਜੁਲਾਈ : ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ, ਹਾਲ ਹੀ ਵਿੱਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਫ਼ਤਰ ਨੂੰ ਭੇਜੀਆਂ ਗਈਆਂ ਈ-ਮੇਲਾਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ।
ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿਰਫ਼ ਸਿੱਖ ਜਗਤ ਦੀ ਨਿਹਾਲੀ ਨਹੀਂ, ਬਲਕਿ ਪੂਰੀ ਮਾਨਵਤਾ ਲਈ ਸ਼ਾਂਤੀ, ਸਰਬੱਤ ਦਾ ਭਲਾ ਅਤੇ ਸਮਰਸਤਾ ਦਾ ਕੇਂਦਰ ਹੈ। ਇਹ ਅਸਥਾਨ ਲੱਖਾਂ ਸਾਧ ਸੰਗਤਾਂ ਦੀ ਆਸਥਾ ਅਤੇ ਆਤਮਕ ਜ਼ਿੰਦਗੀ ਦਾ ਸਰਵਉੱਚ ਕੇਂਦਰ ਹੈ, ਜਿਸਦੀ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ।
ਰਾਣਾ ਗੁਰਜੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਸਭ ਤੋਂ ਨਵੀਂ ਤੇ ਵਿਕਸਿਤ ਤਕਨੀਕ ਨਾਲ ਲੈਸ ਉਪਕਰਣਾਂ ਦੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਕਿਸਮ ਦੇ ਸ਼ਰਾਰਤੀ ਯਤਨਾਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ, “ਗੁਰੂ ਸਾਹਿਬ ਸਭ ਦੇ ਰਾਖੇ ਹਨ, ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਸ਼ਰਧਾਲੂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ। ਅਜਿਹੇ ਸ਼ਰਾਰਤੀ ਤੱਤਾਂ ਨੂੰ ਕਾਨੂੰਨੀ ਰੂਪ ਵਿੱਚ ਨੱਥ ਪਾਉਣਾ ਅਤਿ ਜ਼ਰੂਰੀ ਹੈ।”


