ਸਕੂਲ ਮੁਖੀ ਨੂੰ ਮਾਰੀਆਂ ਗੋਲੀਆਂ
ਅਜੀਤ ਕੁਮਾਰ ਆਪਣੀ ਸਕੂਟੀ 'ਤੇ ਘਰ ਵਾਪਸ ਜਾ ਰਹੇ ਸਨ ਕਿ ਬਾਈਕ ਸਵਾਰ ਅਪਰਾਧੀਆਂ ਨੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਅਪਰਾਧਿਕ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਐਤਵਾਰ ਦੇਰ ਰਾਤ ਖਗੌਲ ਥਾਣਾ ਖੇਤਰ ਦੇ ਲੇਖਾ ਨਗਰ ਵਿੱਚ ਡੀਏਵੀ ਸਕੂਲ ਨੇੜੇ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਅਣਪਛਾਤੇ ਅਪਰਾਧੀਆਂ ਨੇ ਨਿੱਜੀ ਸਕੂਲ ਚਲਾਉਣ ਵਾਲੇ 50 ਸਾਲਾ ਅਜੀਤ ਕੁਮਾਰ ਨੂੰ ਗੋਲੀ ਮਾਰ ਦਿੱਤੀ। ਅਜੀਤ ਕੁਮਾਰ ਆਪਣੀ ਸਕੂਟੀ 'ਤੇ ਘਰ ਵਾਪਸ ਜਾ ਰਹੇ ਸਨ ਕਿ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਬਾਈਕ ਸਵਾਰ ਅਪਰਾਧੀਆਂ ਨੇ ਉਨ੍ਹਾਂ ਦੇ ਸਿਰ 'ਚ ਗੋਲੀ ਮਾਰੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਨੂੰ ਸੂਚਨਾ ਮਿਲਣ 'ਤੇ ਖਗੌਲ ਥਾਣੇ ਦੀ ਟੀਮ, ਐਸਪੀ ਭਾਨੂ ਪ੍ਰਤਾਪ ਸਿੰਘ ਦੀ ਅਗਵਾਈ ਹੇਠ, ਮੌਕੇ 'ਤੇ ਪਹੁੰਚੀ। ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕੀਤੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ, ਜੋ ਹੱਤਿਆ ਦੇ ਪਿੱਛੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ।
ਕਤਲ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਨਿੱਜੀ ਦੁਸ਼ਮਣੀ, ਪੇਸ਼ੇਵਰ ਰੰਜਿਸ਼ ਜਾਂ ਪਰਿਵਾਰਕ ਵਿਵਾਦ ਸਮੇਤ ਹਰ ਸੰਭਾਵਨਾ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਪਟਨਾ ਵਿੱਚ ਵਪਾਰੀ ਗੋਪਾਲ ਖੇਮਕਾ ਦੀ ਹੱਤਿਆ ਹੋ ਚੁੱਕੀ ਹੈ, ਜਿਸਦਾ ਹੱਲ ਹਜੇ ਤੱਕ ਨਹੀਂ ਨਿਕਲਿਆ। ਲਗਾਤਾਰ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੇ ਕਾਨੂੰਨ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਆਮ ਲੋਕਾਂ ਵਿੱਚ ਅਸੁਰੱਖਿਆ ਦਾ ਮਾਹੌਲ ਵਧ ਗਿਆ ਹੈ।
ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਅਪਰਾਧੀਆਂ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ।