11 ਸਾਲਾਂ ਬਾਅਦ ਖੁਲਾਸੇ : ਬਲਾਤਕਾਰ-ਕਤਲ ਮਾਮਲਿਆਂ 'ਚ ਮੱਚ ਗਈ ਖਲਬਲੀ
ਧਰਮਸਥਲਾ ਵਿੱਚ ਕੰਮ ਕਰਦੇ ਇੱਕ ਸਫਾਈ ਕਰਮਚਾਰੀ ਨੇ 11 ਸਾਲਾਂ ਬਾਅਦ ਖੁਦ ਪੁਲਿਸ ਕੋਲ ਪਹੁੰਚ ਕੇ ਦੱਸਿਆ ਕਿ ਉਸਨੇ 1998 ਤੋਂ 2014 ਤੱਕ ਕੁੜੀਆਂ ਦੀਆਂ ਲਾਸ਼ਾਂ ਨੂੰ ਸਾੜ ਕੇ ਨਸ਼ਟ ਕੀਤਾ।

ਕਰਨਾਟਕ ਵਿੱਚ ਇੱਕ ਹੈਰਾਨ ਕਰਨ ਵਾਲੇ ਖੁਲਾਸੇ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇੱਥੇ ਧਰਮਸਥਲਾ ਵਿੱਚ ਕੰਮ ਕਰਦੇ ਇੱਕ ਸਫਾਈ ਕਰਮਚਾਰੀ ਨੇ 11 ਸਾਲਾਂ ਬਾਅਦ ਖੁਦ ਪੁਲਿਸ ਕੋਲ ਪਹੁੰਚ ਕੇ ਦੱਸਿਆ ਕਿ ਉਸਨੇ 1998 ਤੋਂ 2014 ਤੱਕ ਬਲਾਤਕਾਰ ਪੀੜਤ ਕੁੜੀਆਂ ਦੀਆਂ ਲਾਸ਼ਾਂ ਨੂੰ ਸਾੜ ਕੇ ਨਸ਼ਟ ਕੀਤਾ। ਉਸਦਾ ਕਹਿਣਾ ਹੈ ਕਿ ਇਹ ਕੰਮ ਉਸਨੇ ਆਪਣੇ ਸੁਪਰਵਾਈਜ਼ਰ ਦੇ ਦਬਾਅ 'ਚ ਕੀਤਾ ਅਤੇ ਇਨਕਾਰ ਕਰਨ 'ਤੇ ਉਸਨੂੰ ਕੁੱਟਿਆ ਵੀ ਗਿਆ।
ਉਸ ਵਿਅਕਤੀ ਨੇ ਪੁਲਿਸ ਨੂੰ ਕੁਝ ਲਾਸ਼ਾਂ ਅਤੇ ਪਿੰਜਰਾਂ ਦੀਆਂ ਫੋਟੋਆਂ ਵੀ ਸੌਂਪੀਆਂ ਹਨ। ਉਸਦਾ ਕਹਿਣਾ ਹੈ ਕਿ ਜ਼ਿਆਦਾਤਰ ਲਾਸ਼ਾਂ ਨਾਬਾਲਿਗ ਅਤੇ ਸਕੂਲੀ ਕੁੜੀਆਂ ਦੀਆਂ ਸਨ, ਜਿਨ੍ਹਾਂ ਦੇ ਸਰੀਰ 'ਤੇ ਕੱਪੜੇ ਨਹੀਂ ਸਨ ਅਤੇ ਉਨ੍ਹਾਂ 'ਤੇ ਜਿਨਸੀ ਹਿੰਸਾ ਦੇ ਨਿਸ਼ਾਨ ਸਨ। ਪਹਿਲਾਂ ਉਸਨੂੰ ਲੱਗਦਾ ਸੀ ਕਿ ਇਹ ਲਾਸ਼ਾਂ ਖੁਦਕੁਸ਼ੀ ਜਾਂ ਹਾਦਸਿਆਂ ਦੀਆਂ ਹਨ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਇਹਨਾਂ ਨਾਲ ਬਲਾਤਕਾਰ ਅਤੇ ਤਸ਼ੱਦਦ ਹੋਇਆ ਸੀ।
ਉਸਨੇ ਦੱਸਿਆ ਕਿ ਉਹ ਪਿਛਲੇ ਦਹਾਕੇ ਤੋਂ ਪਛਤਾਵੇ ਦੀ ਅੱਗ ਵਿੱਚ ਸੜ ਰਿਹਾ ਸੀ, ਇਸ ਲਈ ਹੁਣ ਅੱਗੇ ਆ ਕੇ ਪੁਲਿਸ ਨੂੰ ਸੱਚ ਦੱਸਿਆ, ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਪੁਲਿਸ ਨੇ ਅਦਾਲਤ ਤੋਂ ਇਜਾਜ਼ਤ ਲੈ ਕੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਖੁਲਾਸੇ ਨੇ ਨਾ ਸਿਰਫ਼ ਕਰਨਾਟਕ, ਸਗੋਂ ਪੂਰੇ ਦੇਸ਼ ਵਿੱਚ ਚਰਚਾ ਛੇੜ ਦਿੱਤੀ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ, ਕਿਉਂਕਿ ਉਸਨੂੰ ਡਰ ਹੈ ਕਿ ਇਹ ਗੈਂਗ ਉਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।