ਕੈਨੇਡਾ 'ਚ ਪੰਜਾਬੀ ਟਰੱਕ ਡ੍ਰਾਈਵਰਾਂ ਦੇ ਲਾਇਸੈਂਸ ਹੋਏ ਰੱਦ, ਨੌਜਵਾਨਾਂ ਨੇ ਕੀਤਾ ਇਕੱਠ
ਟਰੱਕ ਦੇ ਲਾਇਸੈਂਸ ਦੇ ਨਾਲ-ਨਾਲ ਕਾਰ ਦਾ ਲਾਇਸੈਂਸ ਵੀ ਕਰ ਦਿੱਤਾ ਗਿਆ ਮੁਅੱਤਲ, ਓਨਟਾਰੀਓ 'ਚ 1200 ਟਰੱਕ ਡ੍ਰਾਈਵਰਾਂ ਨੂੰ ਭੇਜੇ ਗਏ ਹਨ ਮੁਅੱਤਲੀ ਪੱਤਰ

By : Sandeep Kaur
ਸੂਬਾਈ ਸਰਕਾਰ ਨੇ ਕਥਿਤ ਤੌਰ 'ਤੇ ਓਨਟਾਰੀਓ ਵਿੱਚ 1200 ਟਰੱਕ ਡਰਾਈਵਰਾਂ ਨੂੰ ਮੁਅੱਤਲੀ ਪੱਤਰ ਭੇਜੇ ਹਨ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਕਲਾਸ ਏ ਡਰਾਈਵਿੰਗ ਟੈਸਟਾਂ ਵਿੱਚ ਧੋਖਾਧੜੀ ਕੀਤੀ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਓਨਟਾਰੀਓ ਦੇ ਆਵਾਜਾਈ ਮੰਤਰਾਲੇ ਨੇ ਡਰਾਈਵਰਾਂ ਨੂੰ ਪੱਤਰ ਭੇਜੇ ਸਨ, ਜਿਸ ਵਿੱਚ ਉਨ੍ਹਾਂ ਨੂੰ "ਕਲਾਸ ਏ ਟੈਸਟਿੰਗ ਅਤੇ ਸਿਖਲਾਈ ਪ੍ਰਕਿਰਿਆ ਦੌਰਾਨ ਬੇਈਮਾਨੀ" ਦੇ ਕਾਰਨ ਆਪਣੇ ਲਾਇਸੈਂਸ ਸਮਰਪਣ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਪੱਤਰਾਂ ਦੇ ਪ੍ਰਾਪਤਕਰਤਾਵਾਂ ਨੂੰ "ਡਰਾਈਵਿੰਗ ਬੰਦ ਕਰਨ" ਦਾ ਹੁਕਮ ਦਿੱਤਾ ਗਿਆ ਸੀ। ਪੱਤਰਾਂ ਵਿੱਚ ਡਰਾਈਵਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਮੁਅੱਤਲ ਲਾਇਸੈਂਸ ਨੂੰ ਬਰਕਰਾਰ ਰੱਖਣਾ ਇੱਕ ਅਪਰਾਧਿਕ ਅਪਰਾਧ ਹੈ। ਪ੍ਰਾਪਤਕਰਤਾਵਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਲਾਇਸੈਂਸ ਕਿਸੇ ਵੀ ਸਰਵਿਸ ਕੈਨੇਡਾ ਸੈਂਟਰ ਵਿਖੇ ਜਾਂ ਮੰਤਰਾਲੇ ਨੂੰ ਡਾਕ ਰਾਹੀਂ ਸਪੁਰਦ ਕਰ ਸਕਦੇ ਹਨ।
ਇਸ ਮਾਮਲੇ ਨੂੰ ਲੈ ਕੇ ਮਿਸੀਸਾਗਾ 'ਚ ਪੰਜਾਬੀ ਟਰੱਕ ਡ੍ਰਾਈਵਰ ਇਕੱਠੇ ਹੋਏ, ਜਿਸ 'ਚ ਉਨ੍ਹਾਂ ਰਣਨੀਤੀ ਬਣਾਈ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਨੌਜਵਾਨਾਂ ਨੇ ਮਿਹਨਤ ਕਰਕੇ ਲਾਇਸੈਂਸ ਬਣਾਏ ਸਨ ਉਨ੍ਹਾਂ ਦੇ ਲਾਇਸੈਂਸ ਮੁਅੱਤਲ ਨਹੀਂ ਹੋਣੇ ਚਾਹੀਦੇ ਸਨ। ਦੱਸਦਈਏ ਕਿ ਡ੍ਰਾਈਵਿੰਗ ਸਕੂਲਾਂ ਉੱਪਰ ਵੀ ਕਾਰਵਾਈ ਕੀਤੀ ਗਈ ਹੈ ਅਤੇ ਜਿੰਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਸਕੂਲਾਂ ਤੋਂ ਸਿਖਲਾਈ ਲਈ ਸੀ, ਉਨ੍ਹਾਂ ਸਾਰਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਇਸ 'ਚ ਸਿਰਫ ਪੰਜਾਬੀ ਭਾਈਚਾਰੇ ਦੇ ਟਰੱਕ ਡ੍ਰਾਈਵਰ ਹੀ ਨਹੀਂ ਸਗੋਂ ਹੋਰ ਭਾਇਚਾਰਿਆਂ ਦੇ ਟਰੱਕ ਡ੍ਰਾਈਵਰ ਵੀ ਸ਼ਾਮਲ ਹਨ। ਨੌਜਵਾਨਾਂ ਨੇ ਮਿਲ ਕੇ ਵਕੀਲ ਕੀਤਾ ਜੋ ਹੁਣ ਉਨ੍ਹਾਂ ਦਾ ਕੇਸ ਦੇਖ ਰਹੇ ਹਨ। ਵਕੀਲ ਰਿਚਰਡ ਜੇ. ਲਾਂਡੇ ਨੇ ਕਿਹਾ ਕਿ ਜੋ ਨੌਜਵਾਨ ਸਹੀ ਹਨ ਉਨ੍ਹਾਂ ਨਾਲ ਬਹੁਤ ਮਾੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 90 ਦਿਨਾਂ ਦਾ ਸਮਾਂ ਹੈ ਜਿਸ ਦੌਰਾਨ ਉਹ ਆਪਣੀ ਪੂਰੀ ਕੋਸ਼ਿਸ਼ ਕਰਨਗੇ ਅਤੇ ਨੌਜਵਾਨਾਂ ਨੂੰ ਇਨਸਾਫ ਦਿਵਾਉਣਗੇ।


