ਡੰਕੀ ਲਵਾਉਣ ਦੇ ਮਾਮਲੇ ਵਿਚ ਪੰਜਾਬੀ ਗਾਇਕ ਫਤਿਹਜੀਤ ਸਿੰਘ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
By : BikramjeetSingh Gill
ਡੰਕੀ ਰਾਹੀਂ ਲੋਕਾਂ ਨੂੰ ਭੇਜਦਾ ਸੀ ਅਮਰੀਕਾ, 50 ਲੱਖ 'ਚ ਹੋਇਆ ਸੌਦਾ
ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਸੀ
ਜਲੰਧਰ : ਜਲੰਧਰ ਨਾਲ ਸਬੰਧਤ ਇੱਕ ਪੰਜਾਬੀ ਗਾਇਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬੀ ਗਾਇਕ ਦੀ ਪਛਾਣ ਫਤਿਹਜੀਤ ਸਿੰਘ ਵਜੋਂ ਹੋਈ ਹੈ। ਦਿੱਲੀ ਪੁਲਿਸ ਨੇ ਫਤਿਹਜੀਤ ਨੂੰ ਡੰਕੀ ਦੇ ਰਸਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਡੰਕੀ ਦੇ ਰਸਤੇ ਲੋਕਾਂ ਨੂੰ ਅਮਰੀਕਾ ਭੇਜਦਾ ਸੀ। ਫਤਿਹਜੀਤ ਦੇ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਦੱਸ ਦੇਈਏ ਕਿ ਫਤਿਹਜੀਤ ਸਿੰਘ ਪਹਿਲੀ ਵਾਰ 4 ਸਾਲ ਪਹਿਲਾਂ ਆਪਣੇ ਗੀਤ ਸੁਰਮਾ ਨਾਲ ਸੁਰਖੀਆਂ ਵਿੱਚ ਆਏ ਸਨ। ਉਕਤ ਗੀਤ ਨੂੰ ਪੰਜਾਬ ਦੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਉਸ ਦਾ ਨਵਾਂ ਟ੍ਰੈਕ ਪਰਾਂਡਾ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ।
ਦਿੱਤੇ ਬਿਆਨ ਵਿੱਚ ਆਈਜੀਆਈ ਦੀ ਡੀਸੀਪੀ ਊਸ਼ਾ ਰੰਗਨਾਨੀ ਨੇ ਕਿਹਾ- ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਗਾਇਕ ਕਈ ਦੇਸ਼ਾਂ ਵਿੱਚ ਸ਼ੋਅ ਦਾ ਹਿੱਸਾ ਰਿਹਾ ਹੈ। ਮੁਲਜ਼ਮ ਸੁਲਤਾਨ ਸਿੰਘ ਨਾਮਕ ਏਜੰਟ ਦੇ ਸੰਪਰਕ ਵਿੱਚ ਸੀ। ਸੁਲਤਾਨ ਲੋਕਾਂ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਦਾ ਸੀ। ਡੀਸੀਪੀ ਨੇ ਦੱਸਿਆ ਕਿ ਸੁਲਤਾਨ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਸਿੰਗਰ ਨੇ ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦੀ ਸੋਚੀ। ਪੁਲਸ ਨੇ ਦੋਸ਼ ਲਾਇਆ ਕਿ ਦੋਵੇਂ ਇਕੱਠੇ ਕੰਮ ਕਰਦੇ ਸਨ।
ਡੀਸੀਪੀ ਨੇ ਅੱਗੇ ਦੱਸਿਆ ਕਿ ਫਤਿਹਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਗਾਇਕ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸੁਲਤਾਨ ਸਿੰਘ ਨਾਲ ਸੰਪਰਕ ਕੀਤਾ ਸੀ। ਗੁਰਪ੍ਰੀਤ ਨੇ ਅਮਰੀਕਾ ਜਾਣਾ ਸੀ। ਮੁਲਜ਼ਮ ਨੇ ਉਸ ਨੂੰ ਅਮਰੀਕਾ ਲਿਜਾਣ ਦਾ ਵਾਅਦਾ ਕੀਤਾ ਅਤੇ ਸਾਰੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨ ਲਈ 50 ਲੱਖ ਰੁਪਏ ਮੰਗੇ।