Begin typing your search above and press return to search.

Toronto ਤੋਂ Ferozpur ਗਏ ਪੰਜਾਬੀ NRI 'ਤੇ ਜਾਨਲੇਵਾ ਹਮਲਾ, ਲੱਗੀਆਂ ਗੰਭੀਰ ਸੱਟਾਂ

ਦੋ ਕਾਰਾਂ 'ਚ ਆਏ 15-16 ਹਮਲਾਵਰਾਂ ਨੇ ਹਰਪਾਲ ਦੇ ਘਰ ਅੰਦਰ ਵੜ੍ਹ ਕੇ ਕੀਤਾ ਹਮਲਾ, ਫਿਰੋਜ਼ਪੁਰ ਦਾ ਪੀੜਤ ਹਰਪਾਲ ਸਿੰਘ ਪਿਛਲੇ ਹਫਤੇ ਹੀ ਆਇਆ ਸੀ ਆਪਣੇ ਪਿੰਡ ਵਾਪਿਸ

Toronto ਤੋਂ Ferozpur ਗਏ ਪੰਜਾਬੀ NRI ਤੇ ਜਾਨਲੇਵਾ ਹਮਲਾ, ਲੱਗੀਆਂ ਗੰਭੀਰ ਸੱਟਾਂ
X

Sandeep KaurBy : Sandeep Kaur

  |  3 Feb 2026 12:49 AM IST

  • whatsapp
  • Telegram

ਪੰਜਾਬ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਏ ਇੱਕ ਐੱਨ.ਆਰ.ਆਈ. ‘ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਐੱਨ.ਆਰ.ਆਈ. ਵਿਅਕਤੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ, ਜਿਸ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤ ਦੀ ਪਹਿਚਾਣ ਹਰਪਾਲ ਸਿੰਘ ਸੰਧੂ ਵਜੋਂ ਹੋਈ ਹੈ, ਜੋ ਕਿ ਟੋਰਾਂਟੋ, ਕੈਨੇਡਾ ਵਿੱਚ ਵੱਸਦਾ ਹੈ। ਫਿਰੋਜ਼ਪੁਰ ਦੇ ਰਹਿਣ ਵਾਲੇ ਹਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਸੋਮਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ। ਬੀਤੇ ਦਿਨੀਂ ਉਹ ਆਪਣੇ ਘਰ ਵਿੱਚ ਪਰਿਵਾਰ ਨਾਲ ਬੈਠਾ ਧੁੱਪ ਸੇਕ ਰਿਹਾ ਸੀ ਕਿ ਅਚਾਨਕ ਦੋ ਕਾਰਾਂ ਘਰ ਦੇ ਬਾਹਰ ਆ ਕੇ ਰੁਕੀਆਂ। ਉਨ੍ਹਾਂ ਗੱਡੀਆਂ ਵਿੱਚੋਂ ਕਰੀਬ 15 ਤੋਂ 16 ਨੌਜਵਾਨ ਬਾਹਰ ਨਿਕਲੇ, ਜਿਨ੍ਹਾਂ ਦੇ ਹੱਥਾਂ ਵਿੱਚ ਕਿਰਪਾਨਾਂ, ਕਿਰਚਾਂ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਬਿਨਾਂ ਕਿਸੇ ਚੇਤਾਵਨੀ ਦੇ ਹਮਲਾਵਰਾਂ ਨੇ ਹਰਪਾਲ ਸਿੰਘ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਅਚਾਨਕ ਹੋਏ ਇਸ ਹਮਲੇ ਨਾਲ ਘਰ ਵਿੱਚ ਅਫ਼ਰਾ-ਤਫ਼ਰੀ ਮਚ ਗਈ।

ਪੀੜਤ ਨੇ ਦੱਸਿਆ ਕਿ ਆਪਣੀ ਜਾਨ ਬਚਾਉਣ ਲਈ ਉਹ ਘਰ ਦੇ ਇੱਕ ਕਮਰੇ ਵਿੱਚ ਵੜ ਕੇ ਲੁਕ ਗਿਆ, ਪਰ ਹਮਲਾਵਰ ਇੱਥੇ ਵੀ ਨਹੀਂ ਰੁਕੇ। ਹਮਲਾਵਰਾਂ ਨੇ ਕਮਰੇ ਦੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਉਸ ‘ਤੇ ਬੇਰਹਿਮੀ ਨਾਲ ਕਿਰਪਾਨਾਂ ਅਤੇ ਕਿਰਚਾਂ ਨਾਲ ਵਾਰ ਕੀਤੇ। ਇਸ ਹਮਲੇ ਕਾਰਨ ਹਰਪਾਲ ਸਿੰਘ ਨੂੰ ਸਰੀਰ ‘ਤੇ ਕਈ ਗੰਭੀਰ ਸੱਟਾਂ ਵੱਜੀਆਂ। ਘਟਨਾ ਦੌਰਾਨ ਘਰ ਦੀਆਂ ਔਰਤਾਂ ਵੱਲੋਂ ਉੱਚੀ ਆਵਾਜ਼ ਵਿੱਚ ਰੌਲਾ ਪਾਇਆ ਗਿਆ, ਜਿਸ ਨਾਲ ਪਿੰਡ ਵਿੱਚ ਦਹਿਸ਼ਤ ਫੈਲ ਗਈ। ਰੌਲਾ ਸੁਣ ਕੇ ਪਿੰਡ ਦੇ ਸਰਪੰਚ ਹਰਭਗਵਾਨ ਸਿੰਘ ਮੌਕੇ ‘ਤੇ ਪਹੁੰਚੇ। ਸਰਪੰਚ ਅਤੇ ਆਂਢ-ਗੁਆਂਢ ਦੇ ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸਰਪੰਚ ਨੇ ਤੁਰੰਤ ਪੀੜਤ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਪੰਚ ਹਰਭਗਵਾਨ ਸਿੰਘ ਨੇ ਦੱਸਿਆ ਕਿ ਜੇ ਸਮੇਂ ‘ਤੇ ਲੋਕ ਮੌਕੇ ‘ਤੇ ਨਾ ਪਹੁੰਚਦੇ ਤਾਂ ਹਮਲਾਵਰ ਪੀੜਤ ਦੀ ਜਾਨ ਵੀ ਲੈ ਸਕਦੇ ਸਨ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਪੀੜਤ ਹਰਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਲੱਗ ਰਹੇ ਸਨ ਅਤੇ ਹਮਲੇ ਦੌਰਾਨ ਬੇਕਾਬੂ ਦਿੱਖ ਰਹੇ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ.ਐੱਚ.ਓ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ 10 ਤੋਂ 12 ਅਣਪਛਾਤੇ ਵਿਅਕਤੀਆਂ ਦੇ iਖ਼ਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਬਾਕੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਹਮਲੇ ਦੇ ਕਾਰਨਾਂ, ਪੁਰਾਣੀ ਰੰਜਿਸ਼ ਜਾਂ ਹੋਰ ਸੰਭਾਵਿਤ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਵੀ ਇਸ ਵਾਰਦਾਤ ਨੂੰ ਲੈ ਕੇ ਕਾਫ਼ੀ ਰੋਸ ਅਤੇ ਚਿੰਤਾ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Next Story
ਤਾਜ਼ਾ ਖਬਰਾਂ
Share it