ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ ਲਈ ਵੋਟਿੰਗ ਸ਼ੁਰੂ, 56 ਹਜ਼ਾਰ ਵਿਦਿਆਰਥੀ ਕਰਨਗੇ ਵੋਟਿੰਗ
By : BikramjeetSingh Gill
ਚੰਡੀਗੜ੍ਹ : ਅੱਜ ਪੰਜਾਬ ਯੂਨੀਵਰਸਿਟੀ ਵਿਚ ਚੋਣਾਂ ਹੋ ਰਹੀਆਂ ਹਨ ਅਤੇ ਇਸੀ ਸਬੰਧ ਵਿਚ ਵਾਈਸ ਚਾਂਸਲਰ ਰੇਣੂ ਵਿੰਗ ਨੇ ਪੀਯੂ ਕੈਂਪਸ ਦਾ ਦੌਰਾ ਕੀਤਾ। ਚੋਣ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਗੇਟ 'ਤੇ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਬਾਹਰੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਚੰਡੀਗੜ੍ਹ ਦੇ ਸਾਰੇ ਕਾਲਜਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵਾਰ ਪੀਜੀਜੀਸੀ 46 ਵਿੱਚ ਮੁੱਖ ਮੁਕਾਬਲਾ ਏਬੀਵੀਪੀ ਅਤੇ ਐਚਐਸਏ ਵਿਚਕਾਰ ਹੈ। ਕਿਉਂਕਿ CYSS ਨੇ HSA ਦਾ ਸਮਰਥਨ ਕੀਤਾ ਹੈ। ਇਸੇ ਤਰ੍ਹਾਂ ਸੈਕਟਰ-26 ਸਥਿਤ ਖ਼ਾਲਸਾ ਕਾਲਜ ਦੇ ਬਾਹਰ ਦੋ ਗੁੱਟਾਂ ਵਿੱਚ ਬਹਿਸ ਹੋ ਗਈ।
ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ 10 ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਪੋਲਿੰਗ ਸ਼ੁਰੂ ਹੋ ਗਈ ਹੈ। ਵਿਦਿਆਰਥੀਆਂ ਵਿੱਚ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੀਯੂ ਦੇ ਗੇਟ 'ਤੇ ਪੁਲਿਸ ਨੇ ਕੁਝ ਬਾਹਰੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ 56 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 16 ਹਜ਼ਾਰ ਵਿਦਿਆਰਥੀ ਪੀਯੂ ਕੈਂਪਸ ਦੇ ਹਨ। 139 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਇੱਕ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵਿਦਿਆਰਥੀ ਸਿਰਫ਼ ਆਪਣੇ ਪਛਾਣ ਪੱਤਰ ਨਾਲ ਹੀ ਯੂਨੀਵਰਸਿਟੀ ਵਿੱਚ ਦਾਖ਼ਲ ਹੋ ਸਕਣਗੇ। ਬਾਹਰੀ ਲੋਕਾਂ ਨੂੰ ਯੂਨੀਵਰਸਿਟੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
ਪੀਯੂ ਵਿੱਚ ਪ੍ਰਧਾਨ ਦੇ ਅਹੁਦੇ ਲਈ ਅੱਠ ਉਮੀਦਵਾਰਾਂ ਵਿੱਚ ਮੁਕਾਬਲਾ ਹੈ। ਇਸ ਵਿੱਚ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਵਿੱਚ ਤਿੰਨ ਮਹਿਲਾ ਉਮੀਦਵਾਰ ਹਨ। ਉਮੀਦਵਾਰਾਂ ਵਿੱਚ ਸੀਵਾਈਐਸਐਸ ਤੋਂ ਪ੍ਰਿੰਸ ਚੌਧਰੀ, ਏਬੀਵੀਪੀ ਤੋਂ ਅਰਪਿਤਾ ਮਲਿਕ, ਐਨਐਸਯੂਆਈ ਰਾਹੁਲ ਨੈਨ, ਪੀਐਸਯੂ ਲਲਕਾਰ ਸਾਰਾ, ਐਸਓਆਈ ਤਰੁਣ ਸਿੱਧ, ਮੁਕੁਲ ਟੀਮ ਮੁਕੁਲ, ਅਲਕਾ ਏਐਸਐਫ, ਅਨੁਰਾਗ ਦਲਾਲ ਅਤੇ ਮਨਦੀਪ ਸਿੰਘ ਆਜ਼ਾਦ ਉਮੀਦਵਾਰ ਹਨ।