Begin typing your search above and press return to search.

Punjab government budget: AAP ਦੇ ਬਜਟ ਬਾਰੇ ਕੀ ਕਿਹਾ ਵਿਰੋਧੀਆਂ ਨੇ ?

ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੂੰ ਸੱਚਮੁੱਚ ਔਰਤਾਂ ਦਾ ਸਤਿਕਾਰ ਹੁੰਦਾ, ਤਾਂ ਉਹ ਪਿਛਲੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਇੱਕੋ ਵਾਰ ਖਾਤਿਆਂ ਵਿੱਚ ਪਾਉਂਦੀ, ਪਰ ਸਰਕਾਰ ਸਿਰਫ਼ ਝੂਠੇ ਵਾਅਦਿਆਂ ਨਾਲ ਚੋਣਾਂ ਜਿੱਤਣ ਦੀ ਤਾਕ ਵਿੱਚ ਹੈ।

Punjab government budget: AAP ਦੇ ਬਜਟ ਬਾਰੇ ਕੀ ਕਿਹਾ ਵਿਰੋਧੀਆਂ ਨੇ ?
X

GillBy : Gill

  |  8 March 2026 2:37 PM IST

  • whatsapp
  • Telegram

ਪੰਜਾਬ ਦੇ ਬਜਟ 'ਤੇ ਵਿਰੋਧੀਆਂ ਦਾ ਤਿੱਖਾ ਹਮਲਾ: 'ਆਪ' ਸਰਕਾਰ ਦੇ ਦਾਅਵਿਆਂ ਨੂੰ ਦੱਸਿਆ 'ਠੱਗੀ ਦਿਵਸ' ਅਤੇ 'ਝੂਠ ਦਾ ਪੁਲੰਦਾ'

ਚੰਡੀਗੜ੍ਹ: 08 ਮਾਰਚ, 2026

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ 2026-27 ਦੇ ਬਜਟ ਨੇ ਸੂਬੇ ਦੀ ਸਿਆਸਤ ਵਿੱਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ। ਜਿੱਥੇ ਸਰਕਾਰ ਇਸ ਨੂੰ ਲੋਕ-ਪੱਖੀ ਦੱਸ ਰਹੀ ਹੈ, ਉੱਥੇ ਹੀ ਵਿਰੋਧੀ ਧਿਰਾਂ ਨੇ ਇਸ ਬਜਟ ਨੂੰ ਪੰਜਾਬ ਦੀਆਂ ਜੜ੍ਹਾਂ ਪੁੱਟਣ ਵਾਲਾ ਅਤੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਬਜਟ ਨੂੰ 'ਠੱਗੀ ਦਿਵਸ' ਦਾ ਨਾਂ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਜਿਸ ਸੂਬੇ ਦਾ ਖ਼ਜ਼ਾਨਾ ਪਹਿਲਾਂ ਹੀ ਆਈ.ਸੀ.ਯੂ. ਵਿੱਚ ਹੈ ਅਤੇ ਜਿਸ ਉੱਤੇ 4.30 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਉੱਥੇ ਔਰਤਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਐਲਾਨ ਕੇਵਲ ਇੱਕ ਡਰਾਮਾ ਹੈ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੂੰ ਸੱਚਮੁੱਚ ਔਰਤਾਂ ਦਾ ਸਤਿਕਾਰ ਹੁੰਦਾ, ਤਾਂ ਉਹ ਪਿਛਲੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਇੱਕੋ ਵਾਰ ਖਾਤਿਆਂ ਵਿੱਚ ਪਾਉਂਦੀ, ਪਰ ਸਰਕਾਰ ਸਿਰਫ਼ ਝੂਠੇ ਵਾਅਦਿਆਂ ਨਾਲ ਚੋਣਾਂ ਜਿੱਤਣ ਦੀ ਤਾਕ ਵਿੱਚ ਹੈ।

ਇਸੇ ਤਰ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਸਰਕਾਰ ਨੂੰ ਸਵਾਲ ਕੀਤਾ ਕਿ ਇੰਨਾ ਪੈਸਾ ਆਵੇਗਾ ਕਿੱਥੋਂ? ਉਨ੍ਹਾਂ ਪੁਰਾਣੀ ਕਹਾਵਤ 'ਪੱਲੇ ਨ੍ਹੀਂ ਧੇਲਾ ਕਰਦੀ ਮੇਲਾ-ਮੇਲਾ' ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਡਬੋ ਦਿੱਤਾ ਹੈ ਅਤੇ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਤਾਂ ਚਲੇ ਜਾਣਗੇ, ਪਰ ਪੰਜਾਬ ਦੇ ਲੋਕ ਇਸ ਕਰਜ਼ੇ ਦੇ ਬੋਝ ਹੇਠ ਪਿਸ ਜਾਣਗੇ। ਜਾਖੜ ਨੇ ਇਹ ਵੀ ਐਲਾਨ ਕੀਤਾ ਕਿ ਬਜਟ ਦੇ ਸਾਰੇ ਤੱਥਾਂ ਦੀ ਪੜਚੋਲ ਕਰਨ ਤੋਂ ਬਾਅਦ ਉਹ ਇਸ ਸਬੰਧੀ ਵਿਸਥਾਰਪੂਰਵਕ ਖੁਲਾਸੇ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਬਜਟ ਨੂੰ ਮਹਿਲਾਵਾਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਸਮੇਤ ਹਰ ਵਰਗ ਨੂੰ ਨਿਰਾਸ਼ ਕੀਤਾ ਹੈ। ਬਾਦਲ ਅਨੁਸਾਰ 1,000 ਰੁਪਏ ਦੀ ਸਕੀਮ ਲਈ ਰੱਖੇ ਗਏ 9,300 ਕਰੋੜ ਰੁਪਏ ਨਾਕਾਫ਼ੀ ਹਨ, ਕਿਉਂਕਿ ਅਸਲ ਵਿੱਚ ਇਸ ਲਈ 60,000 ਕਰੋੜ ਰੁਪਏ ਤੋਂ ਵੱਧ ਦੀ ਲੋੜ ਸੀ। ਉਨ੍ਹਾਂ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ 'ਰੰਗਲਾ ਪੰਜਾਬ' ਦੇ ਨਾਂ ਹੇਠ ਵਿਧਾਇਕਾਂ ਨੂੰ ਖੁੱਲ੍ਹੀ ਛੁੱਟੀ ਦੇ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਕਰਵਾ ਰਹੀ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਬੇਰੁਜ਼ਗਾਰੀ ਭੱਤਾ ਅਤੇ ਪੁਰਾਣੀ ਪੈਨਸ਼ਨ ਸਕੀਮ ਵਰਗੇ ਵਾਅਦੇ ਅਜੇ ਵੀ ਸੁਪਨਾ ਹੀ ਬਣੇ ਹੋਏ ਹਨ ਅਤੇ ਸਰਕਾਰ ਨੇ ਸਿਰਫ਼ ਅੰਕੜਿਆਂ ਦੀ ਖੇਡ ਖੇਡ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

Next Story
ਤਾਜ਼ਾ ਖਬਰਾਂ
Share it