ਤਸਕਰ ਦੀ ਡਰੱਗ ਮਨੀ ਨਾਲ ਖਰੀਦੀ 2 ਕਰੋੜ ਦੀ ਜਾਇਦਾਦ ਸੀਲ
By : BikramjeetSingh Gill
ਲੁਧਿਆਣਾ : ਪੁਲਿਸ ਨੇ ਇੱਕ ਹੋਰ ਤਸਕਰ ਦੀ ਜਾਇਦਾਦ ਸੀਲ ਕਰ ਦਿੱਤੀ ਹੈ। ਇਸ ਵਾਰ ਪੁਲਿਸ ਨੇ ਨਸ਼ਾ ਤਸਕਰ ਦੀ 2 ਕਰੋੜ ਦੀ ਜਾਇਦਾਦ ਸੀਲ ਕਰ ਦਿੱਤੀ ਹੈ, ਜੋ ਉਸ ਨੇ ਡਰੱਗਜ਼ ਦੇ ਪੈਸੇ ਨਾਲ ਖਰੀਦੀ ਸੀ। ਇਹ ਜਾਇਦਾਦ ਲਾਡੋਵਾਲ ਇਲਾਕੇ ਵਿੱਚ ਖਰੀਦੀ ਗਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਅਤੇ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਹੀ ਅਗਲੇਰੀ ਕਾਰਵਾਈ ਕੀਤੀ ਹੈ।
ਜਾਣਕਾਰੀ ਦਿੰਦਿਆਂ ਏ.ਸੀ.ਪੀ ਵੈਸਟ ਗੁਰਦੇਵ ਸਿੰਘ ਨੇ ਦੱਸਿਆ ਕਿ ਥਾਣਾ ਲਾਡੋਵਾਲ ਦੀ ਪੁਲਿਸ ਨੇ ਅਕਤੂਬਰ 2022 ਵਿੱਚ ਨਸ਼ਾ ਤਸਕਰ ਮੰਗਤ ਸਿੰਘ ਵਾਸੀ ਪਿੰਡ ਹੰਬੜਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲੀਸ ਪਾਰਟੀ ਨੇ ਮੌਕੇ ’ਤੇ ਹੀ ਮੰਗਤ ਸਿੰਘ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਕਤ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਹੋਰ ਵੀ ਕਈ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਉਸ ਨੇ ਤਸਕਰੀ ਤੋਂ ਮਿਲੇ ਪੈਸਿਆਂ ਨਾਲ ਕਈ ਜਾਇਦਾਦਾਂ ਵੀ ਖਰੀਦੀਆਂ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਡਰੱਗ ਮਨੀ ਨਾਲ ਖਰੀਦੀ 2 ਕਰੋੜ 3 ਲੱਖ ਰੁਪਏ ਦੀ ਜਾਇਦਾਦ ਹੁਣ ਸੀਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਦਰਜ ਕੀਤੇ ਗਏ ਕੇਸਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਸਮੱਗਲਰਾਂ ਦੀਆਂ ਡਰੱਗ ਮਨੀ ਨਾਲ ਖਰੀਦੀਆਂ ਗਈਆਂ ਜਾਇਦਾਦਾਂ ਨੂੰ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਪੰਜਾਬ 'ਚ ਵੱਧ ਰਹੀ ਨਸ਼ਾ ਤਸਕਰੀ ਅਤੇ ਸਮੱਗਲਰਾਂ 'ਤੇ ਸ਼ਿਕੰਜਾ ਕੱਸਣਾ ਹੈ।