Begin typing your search above and press return to search.

ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲ ਹੁਣ ਜਾਣਗੇ ਸਿੰਘਾਪੁਰ

ਉਨ੍ਹਾਂ ਦੱਸਿਆ ਕਿ ਲੀਡਰਸ਼ਿਪ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ 198 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਗਾਪੁਰ ਦੀ ਪ੍ਰਿੰਸੀਪਲਜ਼ ਅਕੈਡਮੀ ਤੋਂ ਸਿਖਲਾਈ ਲੈ

ਪੰਜਾਬ ਦੇ ਸਕੂਲਾਂ ਦੇ ਪ੍ਰਿੰਸੀਪਲ ਹੁਣ ਜਾਣਗੇ ਸਿੰਘਾਪੁਰ
X

BikramjeetSingh GillBy : BikramjeetSingh Gill

  |  2 Feb 2025 3:49 PM IST

  • whatsapp
  • Telegram

ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਪੰਜ-ਰੋਜ਼ਾ ਟਰੇਨਿੰਗ ਲਈ ਭੇਜਿਆ ਜਾਵੇਗਾ ਸਿੰਗਾਪੁਰ

•ਸਿੰਗਾਪੁਰ ਦੌਰੇ ਦਾ ਉਦੇਸ਼ ਸੂਬੇ ਦੇ ਵਿਦਿਅਕ ਖੇਤਰ ਵਿੱਚ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ: ਹਰਜੋਤ ਸਿੰਘ ਬੈਂਸ

* ਸਿੰਗਾਪੁਰ ਦੀ ਪ੍ਰਿੰਸੀਪਲਜ਼ ਅਕੈਡਮੀ ਤੋਂ ਪੰਜਾਬ ਦੇ 198 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਲੈ ਚੁੱਕੇ ਹਨ ਸਿਖਲਾਈ

ਚੰਡੀਗੜ੍ਹ, 2 ਫਰਵਰੀ:

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ 36 ਸਕੂਲ ਪ੍ਰਿੰਸੀਪਲਾਂ ਨੂੰ ਪੰਜ-ਰੋਜ਼ਾ ਸਿਖਲਾਈ ਲਈ ਸਿੰਗਾਪੁਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਲੀਡਰਸ਼ਿਪ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਹੁਣ ਤੱਕ ਪੰਜਾਬ ਦੇ 198 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਸਿੰਗਾਪੁਰ ਦੀ ਪ੍ਰਿੰਸੀਪਲਜ਼ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਸ ਪ੍ਰੋਗਰਾਮ ਤਹਿਤ ਹੁਣ 36 ਸਕੂਲ ਪ੍ਰਿੰਸੀਪਲਾਂ ਦਾ 7ਵਾਂ ਬੈਚ ਇਸ ਸਾਲ ਮਾਰਚ ਵਿੱਚ ਸਿੰਗਾਪੁਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ 'ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਸਿੱਖਿਆ ਪ੍ਰਬੰਧਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਪ੍ਰਦਾਨ ਕਰਨ ਲਈ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਵਿਖੇ ਇੱਕ "ਇੰਟਰਨੈਸ਼ਨਲ ਐਜੂਕੇਸ਼ਨ ਅਫੇਅਰਜ਼ ਸੈੱਲ (ਆਈ.ਈ.ਏ.ਸੀ.)" ਸਥਾਪਤ ਕੀਤਾ ਗਿਆ ਹੈ।

ਇਸ ਟ੍ਰੇਨਿੰਗ ਲਈ ਯੋਗਤਾ ਮਾਪਦੰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਉਮਰ 31 ਜਨਵਰੀ, 2025 ਤੱਕ 53 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਉਹਨਾਂ ਕੋਲ ਘੱਟੋ-ਘੱਟ ਸਤੰਬਰ 2025 ਤੱਕ ਵੈਧ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੇ ਖਿਲਾਫ਼ ਕੋਈ ਚਾਰਜਸ਼ੀਟ, ਜਾਂਚ ਜਾਂ ਅਪਰਾਧਿਕ ਕੇਸ ਲੰਬਿਤ ਨਹੀਂ ਹੋਣਾ ਚਾਹੀਦਾ। ਇਹਨਾਂ ਮੁਢਲੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਗੇੜ ਵਿੱਚ ਸ਼ਾਮਲ ਹੋਣਗੇ, ਜਿੱਥੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ, ਜੋ ਵਿਦਿਅਕ ਯੋਗਤਾ, ਤਜ਼ਰਬੇ, ਏ.ਸੀ.ਆਰ. ਅਤੇ ਐਵਾਰਡਾਂ ਦੇ ਆਧਾਰ ‘ਤੇ ਹੋਵੇਗੀ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਿੰਸੀਪਲਾਂ ਲਈ ਸਿੰਗਾਪੁਰ ਦਾ ਦੌਰਾ ਉਹਨਾਂ ਨੂੰ ਇੱਕ ਵਿਆਪਕ ਸਿਖਲਾਈ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਉਹਨਾਂ ਦੇ ਲੀਡਰਸ਼ਿਪ ਅਤੇ ਵਿਦਿਅਕ ਹੁਨਰਾਂ ਵਿੱਚ ਵਾਧਾ ਕਰਨ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਸਿੰਗਾਪੁਰ ਵਿੱਚ ਆਪਣੇ ਦੌਰੇ ਦੌਰਾਨ, ਉਹ ਵੱਖ-ਵੱਖ ਵਰਕਸ਼ਾਪਾਂ, ਸੈਮੀਨਾਰਾਂ ਅਤੇ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੋ ਉਹਨਾਂ ਨੂੰ ਸਿੰਗਾਪੁਰ ਦੇ ਸਕੂਲਾਂ ਵਿੱਚ ਆਪਣਾਈਆਂ ਜਾਣ ਵਾਲੀਆਂ ਉੱਨਤ ਅਧਿਆਪਨ ਤਕਨੀਕਾਂ ਅਤੇ ਵਿਦਿਅਕ ਅਭਿਆਸਾਂ ਦੀ ਜਾਣਕਾਰੀ ਪ੍ਰਦਾਨ ਕਰਨਗੇ।

ਸ੍ਰੀ ਬੈਂਸ ਨੇ ਕਿਹਾ ਕਿ ਇਹ ਦੌਰਾ ਪ੍ਰਿੰਸੀਪਲਾਂ ਨੂੰ ਨਿਰੰਤਰ ਸਿੱਖਣ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਉਤਸ਼ਾਹਿਤ ਕਰੇਗਾ, ਜਿਸ ਨਾਲ ਉਹ ਆਪਣੇ ਸਕੂਲਾਂ ਵਿੱਚ ਨਵੀਨਤਾਕਾਰੀ ਵਿਧੀਆਂ ਅਤੇ ਰਣਨੀਤੀਆਂ ਨੂੰ ਅਪਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਤਜ਼ਰਬਿਆਂ ਅਤੇ ਵਿਚਾਰਾਂ ਨੂੰ ਸਾਂਝਾ ਕਰਕੇ ਉਹ ਸੂਬੇ ਦੇ ਸਕੂਲਾਂ ਵਿੱਚ ਸਿੱਖਣ ਦੇ ਇੱਕ ਸਹਿਯੋਗੀ ਮਾਹੌਲ ਨੂੰ ਸਿਰਜਣ ਵਿੱਚ ਮਦਦ ਕਰਨਗੇ। ਇਸ ਨਾਲ ਪ੍ਰਣਾਲੀਗਤ ਪ੍ਰਭਾਵ ਪਵੇਗਾ ਅਤੇ ਸਕੂਲਾਂ ਵਿੱਚ ਅੰਤਰ-ਸਿਖਲਾਈ, ਉੱਚ ਪ੍ਰੇਰਣਾ ਅਤੇ ਅਧਿਆਪਨ-ਸਿਖਲਾਈ ਪ੍ਰਕਿਰਿਆਵਾਂ ਵਿੱਚ ਵੀ ਸੁਧਾਰ ਹੋਵੇਗਾ।

Next Story
ਤਾਜ਼ਾ ਖਬਰਾਂ
Share it