PM ਮੋਦੀ ਸਾਊਦੀ ਦਾ ਦੌਰਾ ਰੱਦ ਕਰ ਪਰਤੇ ਭਾਰਤ, ਏਅਰਪੋਰਟ 'ਤੇ ਹਾਈਲੈਵਲ ਮੀਟਿੰਗ
ਭਾਰਤੀ ਸਮੇਂ ਮੁਤਾਬਕ ਉਨ੍ਹਾਂ ਨੇ ਸਵੇਰੇ 1:45 ਵਜੇ ਉਡਾਣ ਭਰੀ ਅਤੇ 6:45 ਵਜੇ ਨਵੀਂ ਦਿੱਲੀ ਪਹੁੰਚੇ।

By : Gill
ਨਵੀਂ ਦਿੱਲੀ | 23 ਅਪ੍ਰੈਲ ੨੦੨੫: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਸੂਬੇ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਸ ਹਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਾਊਦੀ ਅਰਬ ਯਾਤਰਾ ਅਚਾਨਕ ਰੱਦ ਕਰ ਕੇ ਦੇਸ਼ ਵਾਪਸੀ ਕੀਤੀ।
ਵਾਪਸੀ ਤੋਂ ਤੁਰੰਤ ਬਾਅਦ, ਮੋਦੀ ਨੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਹੀ ਇੱਕ ਉੱਚ-ਪੱਧਰੀ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿਦੇਸ਼ ਸਕੱਤਰ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਹਮਲੇ ਦੀ ਅੰਤਰਰਾਸ਼ਟਰੀ ਗੂੰਜ, ਸੁਰੱਖਿਆ ਖਾਮੀਆਂ ਅਤੇ ਆਉਣ ਵਾਲੀਆਂ ਰਣਨੀਤੀਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।
ਸਾਊਦੀ ਅਰਬ ਦੌਰੇ ‘ਚ ਵੀ ਲੱਗੀ ਹਮਲੇ ਦੀ ਸੱਟ
ਹਮਲੇ ਦੀ ਖ਼ਬਰ ਮਿਲਣ ਉਪਰੰਤ ਮੋਦੀ ਨੇ ਰਾਤ ਨੂੰ ਹੀ ਸਾਊਦੀ ਅਰਬ ਤੋਂ ਉਡਾਣ ਭਰੀ।
ਉਹ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਸਰਕਾਰੀ ਦਾਅਵਤ ‘ਚ ਵੀ ਸ਼ਾਮਲ ਨਹੀਂ ਹੋਏ।
ਭਾਰਤੀ ਸਮੇਂ ਮੁਤਾਬਕ ਉਨ੍ਹਾਂ ਨੇ ਸਵੇਰੇ 1:45 ਵਜੇ ਉਡਾਣ ਭਰੀ ਅਤੇ 6:45 ਵਜੇ ਨਵੀਂ ਦਿੱਲੀ ਪਹੁੰਚੇ।
ਰੱਖਿਆ ਕੈਬਨਿਟ ਕਮੇਟੀ ਦੀ ਮੀਟਿੰਗ ਵੀ ਤੈਅ
ਐਮਰਜੈਂਸੀ ਮੀਟਿੰਗ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਰੱਖਿਆ ਕੈਬਨਿਟ ਕਮੇਟੀ ਦੀ ਵਿਸ਼ੇਸ਼ ਬੈਠਕ ਵੀ ਬੁਲਾਈ ਹੈ, ਜਿਸ ਵਿੱਚ ਅੱਗੇ ਦੀ ਕਾਰਵਾਈ ਨੂੰ ਲੈ ਕੇ ਫੈਸਲੇ ਹੋਣ ਦੀ ਉਮੀਦ ਹੈ।


