''ਮਨ ਪਿੱਛੇ ਤੁਰਨ ਵਾਲੇ ਬੰਦੇ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ''
ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਸਿਰੀਰਾਗੁ ਮਹਲਾ ੩ ॥ ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥ ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥ ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥ ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥ ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥ ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥ ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥ ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥ ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥ ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥ ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥ ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥ {ਪੰਨਾ 29}
ਪਦ ਅਰਥ: ਸਾਗਰੁ = ਸਮੁੰਦਰ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ। ਅਨਦਿਨੁ = ਹਰ ਰੋਜ਼। ਧਿਆਈਐ = ਸਿਮਰਨਾ ਚਾਹੀਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਸਮਾਇ = ਲੀਨ ਹੋ ਕੇ। ਅੰਦਰੁ = ਹਿਰਦਾ {ਨੋਟ: ਲਫ਼ਜ਼ 'ਅੰਦਰੁ' ਨਾਂਵ ਹੈ, 'ਅੰਦਰਿ' ਸੰਬੰਧਕ ਹੈ}। ਰਸਨਾ = ਜੀਭ। ਗਾਇ = ਗਾ ਕੇ।1।
ਦੂਜੈ ਭਾਇ = (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਪਿਆਰ ਵਿਚ। ਲਹਹਿ = ਪ੍ਰਾਪਤ ਕਰੇਂਗਾ।1। ਰਹਾਉ।
ਲਗਾਈ = ਲਾਗਏ, ਲਾਗੈ। ਧਿਆਇ = ਸਿਮਰ ਕੇ। ਸਬਦੁ ਪਛਾਣੀਐ = ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਸਾਂਝ ਪਾਣੀ ਚਾਹੀਦੀ ਹੈ। ਨਾਮਿ = ਨਾਮਿ ਵਿਚ। ਪ੍ਰਚੰਡੁ = ਤੇਜ਼। ਬਲਾਇਆ = ਜਗਾਇਆ।2।
ਮਰਿ ਜੰਮਹਿ = (ਆਤਮਕ ਮੌਤੇ) ਮਰ ਕੇ (ਮੁੜ ਮੁੜ) ਜੰਮਦੇ ਹਨ। ਹੋਇ = ਹੋ ਕੇ। ਵਿਕਾਰੁ = ਰੋਗ। ਧਾਤੁਰ = ਨਾਸਵੰਤ। ਬਾਜੀ = ਖੇਡ। ਪਲਚਿ ਰਹੇ = ਫਸ ਰਹੇ ਹਨ। ਉਰਵਾਰੁ = ਉਰਲਾ ਬੰਨਾ।3।
ਜਪ ਤਪ ਸੰਜਮੀ = ਜਪੀ, ਤਪੀ, ਸੰਜਮੀ, ਸਿਮਰਨ ਕਰਨ ਵਾਲਾ, ਸੇਵਾ ਕਰਨ ਵਾਲਾ, ਮਨ ਨੂੰ ਵਿਕਾਰਾਂ ਤੋਂ ਰੋਕਣ ਵਾਲਾ। ਆਧਾਰੁ = ਆਸਰਾ।4।
ਅਰਥ: ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ। ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ।1। ਰਹਾਉ।
ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ। ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।1।
ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ। (ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।2।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ। ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ।3।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ। (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ।4।7। 40।