ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ) , ਉਹ ਮਨੁੱਖ ਹਿਰਦੇ-ਘਰ

By : Gill
ਸਿਰੀਰਾਗੁ ਮਹਲਾ ੩ ॥ ਜਿਨੀ ਪੁਰਖੀ ਸਤਗੁਰੁ ਨ ਸੇਵਿਓ ਸੇ ਦੁਖੀਏ ਜੁਗ ਚਾਰਿ ॥ ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰਿ ॥ ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥੧॥ ਮਨ ਮੇਰੇ ਸਦਾ ਹਰਿ ਵੇਖੁ ਹਦੂਰਿ ॥ ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥ ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥ ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥੨॥ ਹਉਮੈ ਕਰਤਾ ਜਗੁ ਮੁਆ ਗੁਰ ਬਿਨੁ ਘੋਰ ਅੰਧਾਰੁ ॥ ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥ ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰ ਧਾਰਿ ॥ ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥੩॥ ਸਤਗੁਰੁ ਸੇਵਿ ਮਨੁ ਨਿਰਮਲਾ ਹਉਮੈ ਤਜਿ ਵਿਕਾਰ ॥ ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥੪॥ ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥ ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥ ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥੫॥੨੦॥੫੩॥ {ਪੰਨਾ 34}
ਪਦ ਅਰਥ: ਪੁਰਖੀ = ਪੁਰਖੀਂ, ਪੁਰਖਾਂ ਨੇ। ਸੇਵਿਓ = ਸੇਵਿਆ। ਜੁਗ ਚਾਰਿ = ਚੌਹਾਂ ਜੁਗਾਂ ਵਿਚ {ਨੋਟ: ਲਫ਼ਜ਼ 'ਚਾਰਿ' ਅਤੇ 'ਚਾਰ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ– 'ਵਡਿਆਈਆ ਚਾਰਿ' {ਚਾਰਿ = ਸੁੰਦਰ}। ਘਰਿ = ਹਿਰਦੇ-ਘਰ ਵਿਚ। ਹੋਦਾ = ਵੱਸਦਾ। ਪੁਰਖੁ = ਪਰਮਾਤਮਾ। ਅਭਿਮਾਨਿ = ਅਭਿਮਾਨ ਵਿਚ। ਮੁਠੇ = ਠੱਗੇ ਗਏ, ਲੁੱਟੇ ਗਏ। ਫਿਟਕਿਆ = ਫਿੱਟੇ ਹੋਏ। ਸਤਗੁਰੂ ਕਿਆ ਫਿਟਕਿਆ = ਗੁਰੂ ਵਲੋਂ ਅਹੰਕਾਰੀ ਹੋਏ ਹੋਏ। ਸੰਸਾਰਿ = ਸੰਸਾਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ। ਸਭਿ ਕਾਜ = ਸਾਰੇ ਕਾਜ {ਨੋਟ: ਕਾਜ 'ਬਹੁ-ਵਚਨ'}।1।
ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਪਰਹਰੈ = ਦੂਰ ਕਰਦਾ ਹੈ। ਸਬਦਿ = ਸ਼ਬਦ ਵਿਚ, ਸਿਫ਼ਤਿ-ਸਾਲਾਹ ਦੀ ਬਾਣੀ ਵਿਚ।1। ਰਹਾਉ।
ਸਚੁ = ਸਦਾ-ਥਿਰ ਪ੍ਰਭੂ। ਸਲਾਹਨਿ = ਸਲਾਹੁੰਦੇ ਹਨ। ਅਧਾਰੁ-ਆਸਰਾ। ਸਚੀ = ਸਦਾ-ਥਿਰ ਰਹਿਣ ਵਾਲੀ। ਵਰਤਦਾ = (ਜਿਸ ਦਾ ਹੁਕਮ) ਚਲਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਇਨੀ = ਪਾਇਨਿ, ਪਾਂਦੇ। ਕੂੜਿ = ਕੂੜ ਵਿਚ, ਕੂੜ ਦੀ ਰਾਹੀਂ। ਕੂੜਿਆਰ = ਕੂੜ ਦੇ ਵਪਾਰੀ, ਨਾਸਵੰਤ ਪਦਾਰਥਾਂ ਦੇ ਵਪਾਰੀ।2।
ਮੁਆ = ਆਤਮਕ ਮੌਤ ਸਹੇੜਦਾ ਹੈ। ਘੋਰ ਅੰਧਾਰੁ = ਘੁੱਪ ਹਨੇਰਾ। ਮੋਹਿ = ਮੋਹ ਵਿਚ (ਫਸ ਕੇ) । ਸੇਵਹਿ = ਸੇਵਨਿ, (ਜੇ) ਸੇਵਾ ਕਰਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ। ਤੇ = ਤੋਂ, ਨਾਲ। ਸਚਿ ਸਬਦਿ = ਸਦਾ-ਥਿਰ ਸ਼ਬਦ ਦੀ ਰਾਹੀਂ।3।
ਸੇਵਿ = ਸੇਵ ਕੇ, ਸੇਵਾ ਕਰ ਕੇ। ਤਜਿ = ਤਿਆਗ ਕੇ। ਆਪੁ = ਆਪਾ-ਭਾਵ। ਮਰੈ = ਵਿਕਾਰਾਂ ਵਲੋਂ ਹਟ ਜਾਂਦਾ ਹੈ। ਧੰਧਾ = ਸੰਸਾਰਕ ਝਮੇਲੇ। ਧਾਵਤ = ਦੌੜ ਭਜ ਕਰਨੀ। ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਉਜਲੇ = ਨਿਰਮਲ। ਮੁਖ ਉਜਲੇ = ਉਜਲ ਮੁਖ ਵਾਲੇ, ਸੁਰਖ਼ਰੂ।4।
ਮੰਨਿਓ = ਮੰਨਿਆ, ਸਰਧਾ ਬਣਾਈ। ਜੇਤਾ = ਜਿਤਨਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਸਮਾਲਿ = ਸਾਂਭ ਰੱਖ। ਅਪਾਰਿ ਹੇਤਿ = ਅਤੁੱਟ ਪ੍ਰੇਮ ਨਾਲ।5।
ਅਰਥ: ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ (ਆਪਣੇ) ਅੰਗ-ਸੰਗ ਵੇਖ। ਪਰਮਾਤਮਾ (ਜੀਵਾਂ ਦਾ) ਜਨਮ ਮਰਨ ਦਾ ਦੁੱਖ ਦੂਰ ਕਰ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਭਰਪੂਰ ਵੱਸ ਰਿਹਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ) ।1। ਰਹਾਉ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹ ਚੌਹਾਂ ਜੁਗਾਂ ਵਿਚ ਦੁਖੀ ਰਹਿੰਦੇ ਹਨ (ਭਾਵ, ਜੁਗ ਕੋਈ ਭੀ ਹੋਵੇ ਗੁਰੂ ਦੀ ਸਰਨ ਤੋਂ ਬਿਨਾ ਦੁੱਖ ਹੈ) , ਉਹ ਮਨੁੱਖ ਹਿਰਦੇ-ਘਰ ਵਿਚ ਵੱਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ, ਉਹ ਅਹੰਕਾਰ ਵਿਚ ਅਭਿਮਾਨ ਵਿਚ (ਫਸੇ ਰਹਿ ਕੇ ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੇ ਹਨ। ਗੁਰੂ ਵਲੋਂ ਬੇ-ਮੁੱਖ ਮਨੁੱਖ ਜਗਤ ਵਿਚ ਮੰਗਦੇ ਫਿਰਦੇ ਹਨ (ਭਾਵ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ) , ਉਹ ਬੰਦੇ ਉਸ ਅਟੱਲ ਗੁਰ-ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰੱਥ ਹੈ।1।
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਉਸ ਸਦਾ-ਥਿਰ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ ਦਾ ਸਦਾ-ਥਿਰ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ। ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ- ਥਿਰ ਰਹਿਣ ਵਾਲੀ ਕਾਰ ਕੀਤੀ ਹੈ, ਉਹਨਾਂ ਦਾ ਪਿਆਰ ਸਦਾ-ਥਿਰ ਪ੍ਰਭੂ ਨਾਲ ਬਣ ਜਾਂਦਾ ਹੈ। (ਪਰਮਾਤਮਾ ਹੀ) ਸਦਾ-ਥਿਰ ਰਹਿਣ ਵਾਲਾ ਸ਼ਾਹ ਹੈ (ਜਿਸ ਦਾ ਹੁਕਮ ਜਗਤ ਵਿਚ) ਚੱਲ ਰਿਹਾ ਹੈ, ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ, ਉਹ ਨਾਸਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿਚ ਹੀ (ਆਤਮਕ ਜੀਵਨ ਦੀ ਰਾਸ-ਪੂੰਜੀ) ਠਗਾ ਬੈਠਦੇ ਹਨ।2।
ਜਗਤ 'ਮੈਂ ਮੈਂ' ਕਰਦਾ ਹੀ (ਭਾਵ, 'ਮੈਂ ਵੱਡਾ ਹਾਂ ਮੈਂ ਵੱਡਾ ਹਾਂ' = ਇਸ ਅਹੰਕਾਰ ਵਿਚ) ਆਤਮਕ ਮੌਤ ਸਹੇੜ ਲੈਂਦਾ ਹੈ, ਗੁਰੂ ਦੀ ਸਰਨ ਤੋਂ ਵਾਂਜੇ ਰਹਿ ਕੇ (ਇਸ ਦੇ ਵਾਸਤੇ) ਘੁੱਪ ਹਨੇਰਾ (ਬਣਿਆ ਰਹਿੰਦਾ) ਹੈ। ਮਾਇਆ ਦੇ ਮੋਹ ਵਿਚ ਫਸ ਕੇ (ਇਸ ਨੇ) ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪਰਮਾਤਮਾ ਭੁਲਾ ਦਿੱਤਾ ਹੈ।
ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਤਦੋਂ (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਤੋਂ) ਬਚ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ।
ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ (ਮਿਹਰ ਨਾਲ ਹੀ) ਸਦਾ-ਥਿਰ ਗੁਰ-ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕੀਤੀ ਜਾ ਸਕਦੀ ਹੈ।3।
ਗੁਰੂ ਦੀ ਦੱਸੀ ਸੇਵਾ ਕਰ ਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ (ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ (ਹਿਰਦੇ ਵਿਚ ਟਿਕਾ ਕੇ) , ਤੇ ਆਪਾ-ਭਾਵ ਦੂਰ ਕਰ ਕੇ ਮਨੁੱਖ ਦੁਨੀਆ ਦੀ ਕਿਰਤ ਕਾਰ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ।
ਜਿਨ੍ਹਾਂ ਮਨੁੱਖਾਂ ਦਾ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਪਿਆਰ ਬਣ ਜਾਂਦਾ ਹੈ, ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ। ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਬੰਦੇ ਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ।4।
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ (ਆਪਣਾ ਜੀਵਨ-ਰਾਹਬਰ) ਨਹੀਂ ਮੰਨਿਆ, ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਬਣਿਆ, ਉਹ ਜਿਤਨਾ ਭੀ (ਤੀਰਥ-) ਇਸ਼ਨਾਨ ਕਰਦੇ ਹਨ ਜਿਤਨਾ ਭੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖ਼ੁਆਰ ਹੀ ਕਰਦਾ ਹੈ।
ਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ, ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ। ਹੇ ਨਾਨਕ! ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤਿ ਨਾਲ ਤੂੰ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।5। 20। 53।
Page 34


