Patiala: Punjab Police ਮੁਲਾਜ਼ਮ ਦਾ ਪੱਥਰਾਂ ਨਾਲ ਹਮਲਾ ਕਰਕੇ ਕਤਲ
ਉਸ ਦਾ ਭਰਾ ਨਵੀ ਵੀ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

By : Gill
ਭਰਾ ਗੰਭੀਰ ਜ਼ਖ਼ਮੀ
ਪਟਿਆਲਾ ਦੇ ਮੇਹਸ ਗੇਟ ਇਲਾਕੇ ਵਿੱਚ ਐਤਵਾਰ ਰਾਤ ਇੱਕ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਾਮੂਲੀ ਝਗੜੇ ਤੋਂ ਬਾਅਦ ਪੰਜ-ਛੇ ਨੌਜਵਾਨਾਂ ਨੇ ਇੱਕ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ 30 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਪਟਿਆਲਾ ਪੁਲਿਸ ਵਿੱਚ ਤਾਇਨਾਤ ਸੀ ਅਤੇ ਪ੍ਰੀਤ ਕਲੋਨੀ ਦਾ ਰਹਿਣ ਵਾਲਾ ਸੀ।
ਕਿਵੇਂ ਵਾਪਰੀ ਘਟਨਾ?
ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਆਪਣੇ ਭਰਾ ਨਵੀ ਨਾਲ ਰਾਤ ਵੇਲੇ ਮੇਹਸ ਗੇਟ ਗਿਆ ਸੀ। ਉੱਥੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਇੱਕ ਨੌਜਵਾਨ ਨਾਲ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਉਸ ਨੌਜਵਾਨ ਨੇ ਆਪਣੇ ਹੋਰ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ। ਹਮਲਾਵਰਾਂ ਨੇ ਦੋਵਾਂ ਭਰਾਵਾਂ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਅਮਨਦੀਪ ਦੇ ਸਿਰ ਵਿੱਚ ਪੱਥਰ ਮਾਰਿਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦਾ ਭਰਾ ਨਵੀ ਵੀ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਅਮਨਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਦੁਖਦਾਈ ਗੱਲ ਇਹ ਹੈ ਕਿ ਅਮਨਦੀਪ ਦੇ ਘਰ ਅਜੇ ਦੋ ਮਹੀਨੇ ਪਹਿਲਾਂ ਹੀ ਪੁੱਤਰ ਨੇ ਜਨਮ ਲਿਆ ਸੀ। ਪਰਿਵਾਰ ਅਜੇ ਨਵੇਂ ਬੱਚੇ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਇਸ ਕਹਿਰ ਨੇ ਸਭ ਕੁਝ ਉਜਾੜ ਦਿੱਤਾ।
ਪੁਲਿਸ ਦੀ ਕਾਰਵਾਈ
ਕੋਤਵਾਲੀ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਸੰਜੇ ਸੰਭਾਵਾਲ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


