Toronto 'ਚ Panorama India ਨੇ Consulate ਨਾਲ ਮਿਲ ਕੇ ਮਨਾਇਆ Republic Day
ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਮੂਲੀਅਤ, ਕਈ ਤਰ੍ਹਾਂ ਦੇ ਕਰਵਾਏ ਗਏ ਮੁਕਾਬਲੇ

By : Sandeep Kaur
ਭਾਰਤ ਨੂੰ ਗਣਤੰਤਰ ਹੋਏ ਨੂੰ 77 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਇਤਿਹਾਸਕ ਦਿਨ ਨੂੰ ਮਨਾਉਣ ਲਈ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦਾ ਭਾਰਤੀ ਸਮਾਜ ਵੀ ਪੂਰੇ ਉਤਸ਼ਾਹ ਅਤੇ ਮਾਣ ਨਾਲ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਗਣਤੰਤਰ ਦਿਵਸ ਭਾਰਤ ਦੇ ਲੋਕਤੰਤਰ, ਸੰਵਿਧਾਨ ਅਤੇ ਏਕਤਾ ਦਾ ਪ੍ਰਤੀਕ ਹੈ, ਜਿਸ ਨਾਲ ਹਰ ਭਾਰਤੀ ਦਾ ਜਜ਼ਬਾਤੀ ਨਾਤਾ ਜੁੜਿਆ ਹੋਇਆ ਹੈ। ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਟੋਰਾਂਟੋ ਅਤੇ ਉਸਦੇ ਆਲੇ-ਦੁਆਲੇ ਇਲਾਕਿਆਂ ਵਿੱਚ ਭਾਰਤੀ ਲੋਕ ਵੱਡੀ ਗਿਣਤੀ ਵਿੱਚ ਵੱਸਦੇ ਹਨ। ਦੂਰ ਰਹਿੰਦਿਆਂ ਵੀ ਭਾਰਤ ਪ੍ਰਤੀ ਆਦਰ, ਸਤਿਕਾਰ ਅਤੇ ਪਿਆਰ ਭਾਰਤੀ ਸਮਾਜ ਦੇ ਦਿਲਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਜਿਉਂਦਾ ਹੈ। ਇਸੀ ਕਾਰਨ ਟੋਰਾਂਟੋ ਅਤੇ ਬਰੈਂਪਟਨ ਵਰਗੇ ਸ਼ਹਿਰਾਂ ਵਿੱਚ ਗਣਤੰਤਰ ਦਿਵਸ ਨੂੰ ਬਹੁਤ ਹੀ ਸ਼ਾਨਦਾਰ ਅਤੇ ਸੁਚੱਜੇ ਢੰਗ ਨਾਲ ਮਨਾਇਆ ਜਾਂਦਾ ਹੈ। ਇਸ ਸਿਲਸਿਲੇ ਤਹਿਤ ਪੈਨੋਰਾਮਾ ਇੰਡੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰੈਂਪਟਨ ਵਿੱਚ ਗਣਤੰਤਰ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਗਿਆ। ਬੀਤੇ ਦਿਨੀਂ ਬਰੈਂਪਟਨ ਦੇ ਪੀਅਰਸਨ ਕੰਨਵੈਨਸ਼ਨ ਸੈਂਟਰ ਵਿੱਚ ਕਰਵਾਏ ਗਏ ਇਸ ਵਿਸ਼ਾਲ ਪ੍ਰੋਗਰਾਮ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਨਾਚ, ਲੋਕ-ਕਲਾਵਾਂ ਅਤੇ ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੌਕੇ ‘ਤੇ ਨਾਚ ਮੁਕਾਬਲੇ, ਕਲਾ ਮੁਕਾਬਲੇ, ਮਿਸਟਰ ਐਂਡ ਮਿਸ ਪੈਨੋਰਾਮਾ ਅਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਉਮਰ ਦੇ ਲੋਕਾਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਨਾਲ ਹੀ ਭਾਰਤੀ ਪਹਿਰਾਵਿਆਂ ਦੀਆਂ ਸਟਾਲਾਂ, ਸੂਟਾਂ ਦੀਆਂ ਦੁਕਾਨਾਂ ਅਤੇ ਰਵਾਇਤੀ ਖਾਣ-ਪੀਣ ਦੀਆਂ ਸਟਾਲਾਂ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਦੱਸਣਯੋਗ ਹੈ ਕਿ ਇਹ ਪ੍ਰੋਗਰਾਮ ਹਰ ਸਾਲ ਪੈਨੋਰਾਮਾ ਇੰਡੀਆ ਵੱਲੋਂ ਕੌਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦੀਆਂ ਤਿਆਰੀਆਂ ਲਗਭਗ ਦੋ ਮਹੀਨੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪੈਨੋਰਾਮਾ ਇੰਡੀਆ ਪਿਛਲੇ 26 ਸਾਲਾਂ ਤੋਂ ਲਗਾਤਾਰ ਕੌਂਸਲੇਟ ਨਾਲ ਮਿਲ ਕੇ ਇਸ ਤਰ੍ਹਾਂ ਦੇ ਰਾਸ਼ਟਰੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਆ ਰਿਹਾ ਹੈ। ਇਸ ਵਾਰ ਦੇ ਸਮਾਰੋਹ ਵਿੱਚ 500 ਤੋਂ ਵੱਧ ਲੋਕਾਂ ਨੇ ਹਾਜ਼ਰੀ ਭਰੀ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਸੰਸਕ੍ਰਿਤਿਕ ਨੁਮਾਇੰਦਗੀ ਕੀਤੀ। ਹਮਦਰਦ ਟੀਵੀ ਵੱਲੋਂ ਪੈਨੋਰਾਮਾ ਇੰਡੀਆ ਦੀ ਟੀਮ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਪ੍ਰਤੀਯੋਗੀਆਂ ਵੱਲੋਂ ਆਪਣੀ ਪੇਸ਼ਕਾਰੀ ਲਈ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਤਿਆਰੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰੀ ਟੀਮ ਦਿਨ-ਰਾਤ ਇੱਕ ਕਰਕੇ ਕੰਮ ਕਰਦੀ ਹੈ।
ਉੱਥੇ ਹੀ ਜਦੋਂ ਪ੍ਰਤੀਯੋਗੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਸਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ ਕਿ ਉਹ ਆਪਣੇ ਕਲਾ-ਕੌਸ਼ਲ ਨੂੰ ਮੰਚ ‘ਤੇ ਪੇਸ਼ ਕਰਨ ਲਈ ਬੇਹੱਦ ਉਤਸ਼ਾਹਿਤ ਸਨ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਮਾਣ ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਹਰ ਇੱਕ ਪ੍ਰਤੀਯੋਗੀ ਆਪਣੀ ਪੇਸ਼ਕਾਰੀ ਰਾਹੀਂ ਨਾ ਸਿਰਫ਼ ਆਪਣਾ ਟੈਲੈਂਟ ਦਿਖਾਉਣਾ ਚਾਹੁੰਦਾ ਸੀ, ਸਗੋਂ ਭਾਰਤੀ ਸੱਭਿਆਚਾਰ ਨਾਲ ਆਪਣੇ ਡੂੰਘੇ ਜੁੜਾਅ ਨੂੰ ਵੀ ਦਰਸਾ ਰਿਹਾ ਸੀ। ਇਸ ਸਾਲ ਪ੍ਰੋਗਰਾਮ ਦੌਰਾਨ ਇੱਕ ਨਵੇਂ ਅਤੇ ਖਾਸ ਮੁਕਾਬਲੇ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਨੂੰ “ਮਿਸਟਰ ਐਂਡ ਮਿਸ ਪੈਨੋਰਾਮਾ” ਨਾਮ ਦਿੱਤਾ ਗਿਆ। ਇਸ ਮੁਕਾਬਲੇ ਨੇ ਦਰਸ਼ਕਾਂ ਵਿੱਚ ਖਾਸ ਦਿਲਚਸਪੀ ਪੈਦਾ ਕੀਤੀ। ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਲਈ ਇਹ ਬੇਹੱਦ ਮਾਣ ਦੀ ਗੱਲ ਹੈ ਕਿ ਵਿਦੇਸ਼ੀ ਧਰਤੀ ‘ਤੇ ਰਹਿੰਦਿਆਂ ਵੀ ਉਨ੍ਹਾਂ ਨੂੰ ਆਪਣੇ ਸੂਬੇ ਦੇ ਰਵਾਇਤੀ ਪਹਿਰਾਵੇ ਅਤੇ ਸੰਸਕ੍ਰਿਤੀ ਨੂੰ ਮੰਚ ‘ਤੇ ਪੇਸ਼ ਕਰਨ ਦਾ ਮੌਕਾ ਮਿਲਿਆ। ਖ਼ਾਸ ਕਰਕੇ ਹਰਿਆਣਵੀ ਪਹਿਰਾਵੇ ਵਿੱਚ ਮੰਚ ‘ਤੇ ਉਤਰਨਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਸੀ। ਇਸ ਮੌਕੇ ‘ਤੇ ਪ੍ਰੋਗਰਾਮ ਦਾ ਹਿੱਸਾ ਬਣੇ ਹੋਰ ਦਰਸ਼ਕਾਂ ਅਤੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ ਅਤੇ ਹਰ ਸਾਲ ਵਧੇਰੇ ਜੋਸ਼ ਨਾਲ ਸ਼ਮੂਲੀਅਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਰੋਹਾਂ ਰਾਹੀਂ ਉਨ੍ਹਾਂ ਦੇ ਬੱਚੇ ਭਾਰਤੀ ਸੱਭਿਆਚਾਰ, ਲੋਕ ਨਾਚਾਂ ਅਤੇ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿੰਦੇ ਹਨ, ਜੋ ਕਿ ਵਿਦੇਸ਼ਾਂ ਵਿੱਚ ਰਹਿੰਦਿਆਂ ਬਹੁਤ ਹੀ ਮਹੱਤਵਪੂਰਨ ਹੈ। ਸਮੁੱਚੇ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਪ੍ਰੋਗਰਾਮ ਨਾ ਸਿਰਫ ਮਨੋਰੰਜਨ ਦਾ ਸਾਧਨ ਬਣਿਆ, ਸਗੋਂ ਭਾਰਤੀ ਏਕਤਾ, ਵੱਖ-ਵੱਖ ਸੂਬਿਆਂ ਦੀ ਸੰਸਕ੍ਰਿਤਿਕ ਵਿਭਿੰਨਤਾ ਅਤੇ ਗਣਤੰਤਰ ਦਿਵਸ ਦੀ ਮਹੱਤਤਾ ਨੂੰ ਉਭਾਰਦਾ ਇੱਕ ਯਾਦਗਾਰ ਸਮਾਰੋਹ ਸਾਬਤ ਹੋਇਆ।


