ਪਾਕਿ ਰੇਂਜਰਾਂ ਨੇ BSF ਜਵਾਨ ਨੂੰ ਫੜਿਆ
ਇਸ ਦੇ ਨਾਲ ਹੀ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਪੰਜਾਬ ਵਿੱਚ ਅਟਾਰੀ ਸਰਹੱਦ ਨੂੰ ਅਸਥਾਈ

By : Gill
ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਵਿੱਚ ਵਾਪਸੀ ਦਾ ਹੁਕਮ
ਅੰਮ੍ਰਿਤਸਰ : ਭਾਰਤੀ ਸਰਹੱਦੀ ਸੁਰੱਖਿਆ ਬਲ (BSF) ਦੇ ਜਵਾਨ ਪੀਕੇ ਸਿੰਘ ਨੂੰ ਗਲਤੀ ਨਾਲ ਸਰਹੱਦ ਪਾਰ ਕਰਣ 'ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਘਟਨਾ ਜਲੋਕੇ ਦੋਨਾ ਪੋਸਟ ਨੇੜੇ ਹੋਈ, ਜਿੱਥੇ ਪੀਕੇ ਸਿੰਘ ਜ਼ੀਰੋ ਲਾਈਨ ਲੰਘ ਕੇ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ। ਇਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਉਸਦੇ ਪਾਕਿ ਰੇਂਜਰਾਂ ਦੀ ਹਿਰਾਸਤ ਵਿੱਚ ਹੋਣ ਦੀ ਪੁਸ਼ਟੀ ਕਰਦੀਆਂ ਹਨ।
ਇਸ ਦੇ ਨਾਲ ਹੀ, ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਪੰਜਾਬ ਵਿੱਚ ਅਟਾਰੀ ਸਰਹੱਦ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ। ਇਸ ਕਾਰਨ ਭਾਰਤ ਵਿੱਚ ਵੀਜ਼ੇ 'ਤੇ ਆਏ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਆਪਣੇ ਦੇਸ਼ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਟਾਰੀ ਚੈੱਕ ਪੋਸਟ 'ਤੇ ਅਜੇਹੀ ਤਸਵੀਰਾਂ ਵੇਖਣ ਨੂੰ ਮਿਲੀਆਂ, ਜਿੱਥੇ ਪਾਕਿਸਤਾਨੀ ਨਾਗਰਿਕ, ਜੋ ਭਾਰਤ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਵਿਆਹ ਤੇ ਆਏ ਸਨ, ਹੁਣ ਵਾਪਸੀ ਦੀ ਤਿਆਰੀ ਕਰ ਰਹੇ ਹਨ। ਤਾਹਿਰ ਨਾਂ ਦੇ ਨਾਗਰਿਕ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੇ ਮਾਹੌਲ ਕਾਰਨ ਉਨ੍ਹਾਂ ਨੂੰ ਤੁਰੰਤ ਵਾਪਸ ਜਾਣਾ ਪੈ ਰਿਹਾ ਹੈ।
ਸਾਦੀਆ, ਜੋ ਆਪਣੇ ਨਾਨਕੇ ਭਾਰਤ ਆਈ ਹੋਈ ਸੀ, ਨੇ ਭਾਵੁਕ ਹੋ ਕੇ ਕਿਹਾ ਕਿ ਉਹ ਇੱਥੇ ਪੜ੍ਹੀ ਅਤੇ ਪਲੀ ਹਾਂ, ਪਰ ਵਿਆਹ ਪਾਕਿਸਤਾਨ ਵਿੱਚ ਹੋਇਆ। ਹੁਣ ਉਹ ਵੀਜ਼ਾ ਹੋਣ ਦੇ ਬਾਵਜੂਦ ਵੀ ਵਾਪਸ ਜਾਣ ਲਈ ਮਜਬੂਰ ਹੈ। ਉਸਨੇ ਕਿਹਾ ਕਿ ਪਹਿਲਗਾਮ ਦੀ ਘਟਨਾ ਦੁੱਖਦਾਇਕ ਸੀ ਪਰ ਉਹ ਇਸ ਬਾਰੇ ਕੁਝ ਵੀ ਕਹਿਣਾ ਨਹੀਂ ਚਾਹੁੰਦੀ।
ਇਸੇ ਤਰ੍ਹਾਂ, ਭਾਰਤ ਦੇ ਉਹ ਨਾਗਰਿਕ ਜੋ ਪਾਕਿਸਤਾਨ ਗਏ ਹੋਏ ਸਨ, ਉਹ ਵੀ ਵਾਪਸ ਮੁੜ ਰਹੇ ਹਨ। ਅਹਿਮਦਾਬਾਦ ਦੇ ਵਸਨੀਕ ਸਾਜਿਦ ਨੇ ਦੱਸਿਆ ਕਿ ਉਹ ਕਰਾਚੀ ਵਿਆਹ 'ਤੇ ਗਿਆ ਸੀ। ਹਾਲਾਂਕਿ ਉਸ ਕੋਲ ਇੱਕ ਮਹੀਨੇ ਦਾ ਵੀਜ਼ਾ ਸੀ, ਪਰ ਉਹ 10 ਦਿਨਾਂ ਵਿੱਚ ਹੀ ਵਾਪਸ ਆ ਗਿਆ। ਉਸਨੇ ਕਿਹਾ ਕਿ ਉਸਨੂੰ ਉੱਥੇ ਰਿਹਾਇਸ਼ ਚੰਗੀ ਨਹੀਂ ਲੱਗੀ, ਅਤੇ ਪਹਿਲਾਂ ਹੀ ਟਿਕਟਾਂ ਬੁੱਕ ਹੋਣ ਕਰਕੇ ਉਹ ਮੁੜ ਆ ਗਿਆ। ਪਾਕਿਸਤਾਨ ਵਿੱਚ ਕਿਸੇ ਨੇ ਉਸਨੂੰ ਰੋਕਿਆ ਨਹੀਂ।
ਇਸ ਤਣਾਅ ਭਰੇ ਮਾਹੌਲ ਵਿਚ, ਕਈ ਭਾਰਤੀ ਪਰਿਵਾਰ ਜਿਨ੍ਹਾਂ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਸੀ, ਉਨ੍ਹਾਂ ਨੂੰ ਵੀ ਅਟਾਰੀ ਚੌਕੀ ਤੋਂ ਵਾਪਸ ਭੇਜ ਦਿੱਤਾ ਗਿਆ।
ਇਹ ਤਾਜ਼ਾ ਹਾਲਾਤ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੀ ਤਣਾਅ ਨੂੰ ਦਰਸਾਉਂਦੇ ਹਨ ਅਤੇ ਸਰਹੱਦ ਪਾਰ ਆਵਾਜਾਈ 'ਤੇ ਅਸਰ ਪਾ ਰਹੇ ਹਨ।


