ਵਿਰੋਧੀ ਆਪਣੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ- ਕਮਲਾ ਹੈਰਿਸ ਨੇ ਟਰੰਪ ਨੂੰ ਦਿੱਤੀ ਨਸੀਹਤ
By : BikramjeetSingh Gill
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਉੱਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸੈਨੇਟਰ ਜੇ ਡੀ ਵੈਂਸ ਦੀ ਹੈਤੀਅਨ ਪ੍ਰਵਾਸੀਆਂ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਕਿ ਉਹ ਸਪਰਿੰਗਫੀਲਡ, ਓਹੀਓ ਵਿਚ ਪਾਲਤੂ ਕੁੱਤੇ-ਬਿੱਲੀਆਂ ਚੋਰੀ ਕਰਕੇ ਖਾਂਦੇ ਹਨ, ਦੇ ਮੁੱਦੇ 'ਤੇ ਸਖਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਉਨਾਂ ਨੂੰ ਆਪਣੇ ਸ਼ਬਦਾਂ ਉਪਰ ਨਿਯੰਤਰਣ ਰੱਖਣ ਦੀ ਨਸੀਹਤ ਵੀ ਦਿੱਤੀ ਹੈ। ਫਿਲਾਡੈਲਫੀਆ ਵਿਚ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ ਨਾਲ ਗੱਲਬਾਤ ਕਰਦਿਆਂ ਹੈਰਿਸ ਨੇ ਆਪਣੇ ਵਿਰੋਧ ਰਿਪਬਲੀਕਨ ਉਮੀਦਵਾਰ ਨੂੰ ਸਲਾਹ ਦਿੱਤੀ ਕਿ ਉਹ ਕੌਮੀ ਪੱਧਰ 'ਤੇ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਸੁਚੇਤ ਰਹਿਣ। ਤਕਰੀਬਨ 45 ਮਿੰਟਾਂ ਦੀ ਮੁਲਾਕਾਤ ਦੌਰਾਨ ਹੈਰਿਸ ਨੇ ਕਿਹਾ ਕਿ ''ਇਹ ਬਹੁਤ ਹੀ ਸ਼ਰਮਨਾਕ ਹੈ।
ਮੈ ਹੈਤੀਅਨ ਭਾਈਚਾਰੇ ਨਾਲ ਖੜੀ ਹਾਂ'' ਉਨਾਂ ਕਿਹਾ ਕਿ ਨਿਰਆਧਾਰ ਅਫਵਾਹਾਂ ਨੇ ਸਮੁੱਚੇ ਖੇਤਰ ਵਿਚ ਡਰ ਤੇ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਹੈਰਿਸ ਨੇ ਕਿਹਾ ਕਿ ਇਕ ਵਕੀਲ ਵਜੋਂ ਆਪਣੇ ਸ਼ੁਰੂਆਤੀ ਕਰੀਅਰ ਦੌਰਾਨ ਮੈ ਸਿੱਖਿਆ ਹੈ ਕਿ ਤੁਹਾਡੇ ਵੱਲੋਂ ਵਰਤੇ ਗਏ ਸ਼ਬਦਾਂ ਦਾ ਚਾਹੇ ਕੋਈ ਜੇਲ ਦੇ ਅੰਦਰ ਹੈ ਜਾਂ ਬਾਹਰ ਹੈ, ਉਪਰ ਅਸਰ ਪੈਂਦਾ ਹੈ। ਹੈਰਿਸ ਨੇ ਕਿਹਾ ਕਿ ਜਦੋਂ ਤੁਹਾਡੇ ਸਾਹਮਣੇ ਮਾਈਕਰੋਫੋਨ ਹੋਵੇ ਤਾਂ ਤੁਹਾਨੂੰ ਬਹੁਤ ਹੀ ਗੰਭੀਰਤਾ ਨਾਲ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਹਾਡੇ ਦੁਆਰਾ ਬੋਲੇ ਗਏ ਸ਼ਬਦਾਂ ਦਾ ਕੀ ਅਰਥ ਹੈ। ਪਿਛਲੇ ਹਫਤੇ ਹੈਰਿਸ ਨਾਲ ਬਹਿਸ ਤੋਂ ਬਾਅਦ ਟਰੰਪ ਦੁਆਰਾ ਹੈਤੀ ਲੋਕਾਂ ਬਾਰੇ ਦਿੱਤੇ ਗਏ ਬਿਆਨ ਨੂੰ ਸਥਾਨਕ ਅਧਿਕਾਰੀਆਂ ਨੇ ਨਾਕਾਰ ਦਿੱਤਾ ਸੀ ਪਰੰਤੂ ਟਰੰਪ ਦੇ ਬਿਆਨ ਤੋਂ ਬਾਅਦ ਸਪਰਿੰਗਫੀਲਡ ਖੇਤਰ ਵਿਚ ਬੰਬ ਧਮਾਕੇ ਕਰਨ ਵਰਗੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਕਾਰਨ ਕੁਝ ਪਬਲਿਕ ਸਕੂਲ ਤੇ ਮਿਊਂਸਪਿਲ ਇਮਾਰਤਾਂ ਨੂੰ ਖਾਲੀ ਕਰਵਾਉਣਾ ਪਿਆ ਸੀ। ਖੇਤਰ ਵਿਚਲੀਆਂ ਯੁਨੀਵਰਸਿਟੀਆਂ ਤੇ ਕਾਲਜਾਂ ਨੇ ਵੀ ਧਮਕੀਆਂ ਮਿਲਣ ਉਪਰੰਤ ਆਪਣੀਆਂ ਸਰਗਰਮੀਆਂ ਰੱਦ ਕਰ ਦਿੱਤੀਆਂ ਸਨ। ਇਥੇ ਇਹ ਵੀ ਜਿਕਰਯੋਗ ਹੈ ਕਿ ਰਿਪਬਲੀਕਨ ਪਾਰਟੀ ਦੇ ਉੱਪ ਰਾਸ਼ਟਰਪਤੀ ਅਹੁੱਦੇ ਲਈ ਉਮੀਦਵਾਰ ਵੈਂਸ ਨੇ ਉਕਤ ਅਫਵਾਹਾਂ ਨੂੰ ਹਾਲ ਹੀ ਵਿਚ ਕਈ ਵਾਰ ਦੁਹਰਾਇਆ ਹੈ। ਓਹੀਓ ਵਿਚ ਇਕ ਮੁਲਾਕਾਤ ਦੌਰਾਨ ਉਨਾਂ ਕਿਹਾ ਕਿ ਹੈਤੀਅਨ ਲੋਕਾਂ ਬਾਰੇ ਅਫਵਾਹਾਂ ਫੈਲਣ 'ਤੇ ਉਨਾਂ ਨੂੰ ਕੋਈ ਦੁੱਖ ਨਹੀਂ ਹੈ।