ਨਿਸ਼ੀਕਾਂਤ ਦੂਬੇ ਵਲੋਂ 1984 ਦੇ ਆਪ੍ਰੇਸ਼ਨ ਬਲੂ ਸਟਾਰ ਵਿੱਚ ਯੂਕੇ ਦੀ ਭੂਮਿਕਾ ਬਾਰੇ ਵੱਡਾ ਦਾਅਵਾ
ਦੂਬੇ ਨੇ ਦੋਸ਼ ਲਾਇਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਬ੍ਰਿਟੇਨ ਨਾਲ ਮਿਲ ਕੇ ਕੀਤਾ।

By : Gill
ਨਵੀਂ ਦਿੱਲੀ:
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ 1984 ਦੇ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੌਜੀ ਕਾਰਵਾਈ ਸਿਰਫ਼ ਭਾਰਤ ਦੀ ਨਹੀਂ ਸੀ, ਸਗੋਂ ਇਸ ਵਿੱਚ ਬ੍ਰਿਟਿਸ਼ ਸਰਕਾਰ ਅਤੇ ਫੌਜੀ ਅਧਿਕਾਰੀ ਵੀ ਸ਼ਾਮਿਲ ਸਨ। ਦੂਬੇ ਨੇ ਦੋਸ਼ ਲਾਇਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਬ੍ਰਿਟੇਨ ਨਾਲ ਮਿਲ ਕੇ ਕੀਤਾ।
ਨਿਸ਼ੀਕਾਂਤ ਦੂਬੇ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਿਖਿਆ ਕਿ ਬ੍ਰਿਟਿਸ਼ ਫੌਜੀ ਅਧਿਕਾਰੀ 1984 ਵਿੱਚ ਅੰਮ੍ਰਿਤਸਰ ਵਿਖੇ ਮੌਜੂਦ ਸਨ ਅਤੇ ਕਾਂਗਰਸ ਸਰਕਾਰ ਨੇ ਸਿੱਖ ਭਾਵਨਾਵਾਂ ਨਾਲ ਖਿਲਵਾ਼ੜ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਨੂੰ ਖਿਡੌਣੇ ਵਾਂਗ ਵਰਤਿਆ ਅਤੇ ਸਿੱਖ ਭਾਈਚਾਰੇ 'ਤੇ ਵੱਡਾ ਜ਼ਖ਼ਮ ਛੱਡਿਆ।
ਦੂਬੇ ਨੇ ਇਹ ਵੀ ਦੋਸ਼ ਲਾਇਆ ਕਿ 1984 ਦੇ ਹਮਲੇ ਸਮੇਂ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰਿਆ ਗਿਆ ਅਤੇ ਕਾਂਗਰਸ ਨੇ ਰਾਸ਼ਟਰੀ ਪੱਧਰ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਿਆਸੀ ਹਿੱਤਾਂ ਲਈ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਇਹ ਕਾਰਵਾਈ ਕੀਤੀ।
ਦੂਬੇ ਦੇ ਇਸ ਦਾਅਵੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਕਾਂਗਰਸ ਤੇ ਹੋਰ ਸਿਆਸੀ ਧਿਰਾਂ ਵਲੋਂ ਇਸ ਬਿਆਨ ਦੀ ਨਿੰਦਾ ਕੀਤੀ ਜਾ ਰਹੀ ਹੈ।


