ਨਵਜੋਤ ਕੌਰ ਸਿੱਧੂ ਸਿਆਸਤ 'ਚ ਸਰਗਰਮ
By : BikramjeetSingh Gill
ਅੰਮ੍ਰਿਤਸਰ : ਨਵਜੋਤ ਕੌਰ ਵੱਲੋਂ ਛਾਤੀ ਦੇ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੋੜਾ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਹੋ ਗਿਆ ਹੈ। ਲੰਬਾ ਸਮਾਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਅਤੇ ਸਿਆਸਤ ਤੋਂ ਦੂਰ ਰਹਿਣ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਹਨ। ਜਿਸ ਦਾ ਸਿਰਲੇਖ ਉਸ ਨੇ ਲਿਖਿਆ ਹੈ ਨੋਨੀਜ਼ ਕੈਂਸਰ ਜਰਨੀ। ਇਸ ਦੇ ਨਾਲ ਹੀ ਹਲਕਾ ਪੂਰਬੀ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਤਿੰਨ ਦਾਅਵੇਦਾਰ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜਿਸ ਵਿੱਚ ਸਿੱਧੂ, ਦਿਨੇਸ਼ ਬੱਸੀ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।
ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸਰਗਰਮ ਰਾਜਨੀਤੀ ਤੋਂ ਦੂਰ ਰਹੇ। 2022 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਉਦੋਂ ਤੋਂ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਸਰਗਰਮ ਨਹੀਂ ਰਹੇ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਵਿੱਚ ਨਜ਼ਰ ਨਹੀਂ ਆਏ। ਉਦੋਂ ਉਨ੍ਹਾਂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਸਨ, ਇਸ ਲਈ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।
ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ 2024 'ਚ ਕੈਂਸਰ ਮੁਕਤ ਹੋ ਜਾਵੇਗੀ ਅਤੇ ਹੁਣ ਉਹ ਰਾਜਨੀਤੀ 'ਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਹਾਲਾਂਕਿ ਰਾਜਨੀਤੀ ਦੇ ਨਾਲ-ਨਾਲ ਉਹ ਆਪਣੀ ਪਤਨੀ ਦੇ ਕੈਂਸਰ ਸਫਰ ਨੂੰ ਵੀ ਸ਼ੇਅਰ ਕਰ ਰਹੇ ਹਨ। ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਬ੍ਰੀਫ ਲਈ ਸੱਦਾ ਦਿੱਤਾ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਪਤਨੀ ਨੋਨੀ ਨਾਲ ਕੈਂਸਰ ਦਾ ਸਫਰ ਸਭ ਨਾਲ ਸਾਂਝਾ ਕਰਨਗੇ।