ਦੁਨੀਆਂ ਦੇ ਮੁਸਲਮਾਨ ਇੱਕਜੁੱਟ ਹੋਣ, ਪਾਕਿ ਸੰਸਦ ਵਿੱਚ ਫਲਸਤੀਨ 'ਤੇ ਮਤਾ
ਮਤੇ ਵਿੱਚ ਇਜ਼ਰਾਈਲ ਵੱਲੋਂ ਨਿਵਾਸ ਇਲਾਕਿਆਂ, ਹਸਪਤਾਲਾਂ, ਸਕੂਲਾਂ ਅਤੇ ਪੂਜਾ ਸਥਾਨਾਂ ਉੱਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਗਈ।

ਇਸਲਾਮਾਬਾਦ, 15 ਅਪ੍ਰੈਲ 2025 — ਪਾਕਿਸਤਾਨੀ ਸੰਸਦ ਨੇ ਗਾਜ਼ਾ 'ਚ ਚਲ ਰਹੇ ਇਜ਼ਰਾਈਲੀ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇੱਕ ਸਰਬਸੰਮਤੀ ਮਤਾ ਪਾਸ ਕੀਤਾ ਹੈ। ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਹੋਏ ਇਸ ਮਤੇ ਵਿੱਚ ਨਾ ਸਿਰਫ਼ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਗਿਆ, ਸਗੋਂ ਉਨ੍ਹਾਂ ਮੁਸਲਿਮ ਦੇਸ਼ਾਂ ਦੀ ਵੀ ਆਲੋਚਨਾ ਕੀਤੀ ਗਈ ਜੋ ਇਸ ਮਾਮਲੇ ਉੱਤੇ ਚੁੱਪ ਹਨ। ਸੰਸਦ ਮੈਂਬਰ ਸਾਹਿਬਜ਼ਾਦਾ ਮੁਹੰਮਦ ਹਾਮਿਦ ਰਜ਼ਾ ਨੇ ਕਿਹਾ ਕਿ ਫਲਸਤੀਨ ਅਤੇ ਕਸ਼ਮੀਰ, ਦੋਵੇਂ ਮੁੱਦੇ ਅੱਜ ਮੁਸਲਿਮ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਹਾਮਿਦ ਰਜ਼ਾ ਨੇ ਇਜ਼ਰਾਈਲ ਦੇ ਹਮਲਿਆਂ ਨੂੰ "ਹੋਲੋਕਾਸਟ ਨਾਲੋਂ ਦੱਸ ਗੁਣਾ ਵੱਡਾ ਅੱਤਿਆਚਾਰ" ਦੱਸਦਿਆਂ ਕਿਹਾ ਕਿ ਜਿੰਨਾ ਦੋਸ਼ ਇਜ਼ਰਾਈਲ ਦਾ ਹੈ, ਓਨਾ ਹੀ ਦੋਸ਼ ਉਨ੍ਹਾਂ ਮੁਸਲਿਮ ਰਾਜਾਂ ਦਾ ਵੀ ਹੈ ਜੋ ਇਹ ਸਭ ਕੁਝ ਦੇਖ ਕੇ ਵੀ ਚੁੱਪ ਹਨ। ਉਨ੍ਹਾਂ ਅਪੀਲ ਕੀਤੀ ਕਿ ਮੁਸਲਿਮ ਦੇਸ਼ ਇਕੱਠੇ ਹੋਣ ਅਤੇ ਇਸ ਅੱਤਿਆਚਾਰ ਖਿਲਾਫ ਆਵਾਜ਼ ਬੁਲੰਦ ਕਰਨ।
ਇਸ ਮਤੇ ਦੀ ਪੇਸ਼ਕਸ਼ ਕਾਨੂੰਨ ਮੰਤਰੀ ਆਜ਼ਮ ਨਜ਼ੀਰ ਤਰਾਰ ਨੇ ਕੀਤੀ, ਜਿਸਨੂੰ ਸਾਰੇ ਰਾਜਨੀਤਿਕ ਧਿਰਾਂ ਨੇ ਸਮਰਥਨ ਦਿੱਤਾ। ਮਤੇ ਵਿੱਚ ਇਜ਼ਰਾਈਲ ਵੱਲੋਂ ਨਿਵਾਸ ਇਲਾਕਿਆਂ, ਹਸਪਤਾਲਾਂ, ਸਕੂਲਾਂ ਅਤੇ ਪੂਜਾ ਸਥਾਨਾਂ ਉੱਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਗਈ। ਇਨ੍ਹਾਂ ਹਮਲਿਆਂ 'ਚ ਗਾਜ਼ਾ 'ਚ 65,000 ਤੋਂ ਵੱਧ ਮੌਤਾਂ ਹੋਣ ਦਾ ਅੰਕੜਾ ਦਿੱਤਾ ਗਿਆ, ਜਿਨ੍ਹਾਂ ਵਿੱਚ 18 ਮਾਰਚ ਤੋਂ ਬਾਅਦ 1,600 ਨਵੇਂ ਮਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ।
ਸੰਸਦ ਦੌਰਾਨ ਮੁਫਤੀ ਤਕੀ ਉਸਮਾਨੀ ਨੇ ਇਜ਼ਰਾਈਲ ਦੇ ਪੂਰੇ ਬਾਈਕਾਟ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ ਅਤੇ ਅਮਰੀਕੀ ਫਾਸਟ-ਫੂਡ ਚੇਨਜ਼ ਉੱਤੇ ਹਮਲੇ ਕਰਨਾ ਗਲਤ ਰਸਤਾ ਹੈ।
ਸੰਸਦ ਮੈਂਬਰ ਅਬਦੁਲ ਕਾਦਿਰ ਪਟੇਲ ਨੇ ਕਿਹਾ ਕਿ ਕਸ਼ਮੀਰ ਅਤੇ ਫਲਸਤੀਨ ਉਹ ਮੁੱਦੇ ਹਨ ਜਿਨ੍ਹਾਂ 'ਤੇ ਸਾਡੇ ਬਜ਼ੁਰਗਾਂ ਨੇ ਸਪੱਸ਼ਟ ਮੌਕਫ਼ ਰੱਖਿਆ ਸੀ, ਪਰ ਅੱਜ ਪਾਕਿਸਤਾਨ ਉਹਨਾਂ ਤੋਂ ਪਿੱਛੇ ਹਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਹਰ ਕਿਸੇ ਨੂੰ ਕਬਰ ਵਿੱਚ ਜਾਣਾ ਹੈ, ਤੇ ਰੱਬ ਸਵਾਲ ਪੁੱਛੇਗਾ ਕਿ ਜਦੋਂ ਜ਼ੁਲਮ ਹੋ ਰਿਹਾ ਸੀ ਤਾਂ ਤੁਸੀਂ ਕੀ ਕਰ ਰਹੇ ਸੀ।
ਕਈ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਬੇਲਾਰੂਸ ਜਾਂ ਹੋਰ ਦੇਸ਼ਾਂ ਦੀ ਯਾਤਰਾ ਦੀ ਬਜਾਏ ਗਾਜ਼ਾ ਦਾ ਦੌਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉੱਥੇ ਹਰ ਬੱਚਾ, ਔਰਤ ਅਤੇ ਬੁਜ਼ੁਰਗ ਪਾਕਿਸਤਾਨ ਵੱਲ ਉਮੀਦ ਭਰੀ ਨਿਗਾਹ ਨਾਲ ਦੇਖ ਰਹੇ ਹਨ।
ਇੱਕ ਸੰਸਦ ਮੈਂਬਰ ਨੇ ਇਤਨਾ ਤੱਕ ਕਹਿ ਦਿੱਤਾ ਕਿ ਦੁਨੀਆ ਵਿੱਚ ਲਗਭਗ 80 ਲੱਖ ਯਹੂਦੀ ਹਨ ਅਤੇ ਇੰਨੇ ਹੀ ਮੌਲਵੀ ਵੀ ਹਨ, ਪਰ ਅਜੇ ਤੱਕ ਉਨ੍ਹਾਂ ਦੀਆਂ ਦੁਆਵਾਂ ਇਜ਼ਰਾਈਲ ਨੂੰ ਤਬਾਹ ਨਹੀਂ ਕਰ ਸਕੀਆਂ। ਉਨ੍ਹਾਂ ਇੱਕ ਸ਼ਾਇਰੀ ਲਾਈਨ ਵੀ ਪੇਸ਼ ਕੀਤੀ —
"ਵਿਛੋੜੇ ਦੀ ਰਾਤ ਕਦੋਂ ਹੰਝੂ ਵਹਾਉਂਦੇ ਹੋਏ ਬਿਤਾਈ ਹੈ,
ਕਦੋਂ ਕੋਈ ਆਫ਼ਤ ਸਿਰਫ਼ ਦੁਆਵਾਂ ਨਾਲ ਟਲ ਗਈ ਹੈ।"
ਹਾਮਿਦ ਰਜ਼ਾ ਨੇ ਇਨ੍ਹਾਂ ਮੱਦਿਆਂ ਉੱਤੇ ਓਆਈਸੀ (ਇਸਲਾਮਿਕ ਸਹਿਯੋਗ ਸੰਘ) ਦੀ ਤਤਕਾਲ ਮੀਟਿੰਗ ਪਾਕਿਸਤਾਨ ਵਿੱਚ ਬੁਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਇਜ਼ਰਾਈਲ ਨੇ ਗਾਜ਼ਾ 'ਚ ਹਮਲੇ ਨਾ ਰੋਕੇ, ਤਾਂ ਮੁਸਲਿਮ ਦੁਨੀਆ ਨੂੰ ਮਿਲ ਕੇ ਜੇਹਾਦ ਦਾ ਐਲਾਨ ਕਰਨਾ ਚਾਹੀਦਾ ਹੈ।