ਤਰਨ ਤਾਰਨ ਦੇ ਪਿੰਡ ਲਾਲੂ ਘੁੰਮਣ 'ਚ ਸਰਪੰਚ ਦਾ ਕਤਲ
By : BikramjeetSingh Gill
ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਲਾਲੂ ਘੁੰਮਣ 'ਚ 'ਆਪ' ਸਮਰਥਕ ਸਰਪੰਚ ਪ੍ਰਤਾਪ ਸਿੰਘ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ। ਫਾਇਰਿੰਗ ਵਿੱਚ ਸਰਪੰਚ ਦੇ ਦੋ ਸਾਥੀ ਬੁੱਧ ਸਿੰਘ ਅਤੇ ਭਗਵੰਤ ਸਿੰਘ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਗੋਲੀ ਚਲਾਉਣ ਵਾਲਿਆਂ ਦਾ ਵਿਰੋਧ ਕੀਤਾ। ਇਸ ਦੌਰਾਨ ਇੱਕ ਸ਼ੂਟਰ ਬਾਈਕ ਤੋਂ ਡਿੱਗ ਗਿਆ। ਜਦੋਂ ਪਿੰਡ ਵਾਸੀਆਂ ਨੇ ਉਕਤ ਸ਼ੂਟਰ ਦਾ ਪਿਸਤੌਲ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਸ਼ੂਟਰ ਨੇ ਹੋਰ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਘਟਨਾ ਦੇ 40 ਮਿੰਟ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਲਾਕੇ ਦੀ ਘੇਰਾਬੰਦੀ ਕੀਤੀ ਗਈ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
75 ਸਾਲਾ ਪ੍ਰਤਾਪ ਸਿੰਘ ਖੇਤੀਬਾੜੀ ਵਿਭਾਗ ਤੋਂ ਸੁਪਰਵਾਈਜ਼ਰ ਵਜੋਂ ਸੇਵਾਮੁਕਤ ਹੋਏ ਸਨ। ਉਹ 2012 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ। ਹਲਕਾ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੇ ਨਜ਼ਦੀਕੀ ਪ੍ਰਤਾਪ ਸਿੰਘ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਬਿਨਾਂ ਮੁਕਾਬਲਾ ਪਿੰਡ ਲਾਲੂ ਘੁੰਮਣ ਦੇ ਸਰਪੰਚ ਚੁਣੇ ਗਏ ਹਨ। ਪਿੰਡ ਵਾਸੀ ਮਹਿੰਦਰ ਸਿੰਘ ਦੀ ਪਤਨੀ ਜਸਬੀਰ ਕੌਰ ਦੇ ਅਕਾਲ ਚਲਾਣੇ ਦੇ ਸਬੰਧ ਵਿਚ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਖੜਕ ਸਿੰਘ ਵਿਖੇ ਹੋਈ | ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਦੁਪਹਿਰ 1:25 ਵਜੇ ਸਰਪੰਚ ਪ੍ਰਤਾਪ ਸਿੰਘ ਆਪਣੇ ਸਾਥੀ ਬੁੱਧ ਸਿੰਘ (60) ਨਾਲ ਗੁਰਦੁਆਰਾ ਸਾਹਿਬ ਤੋਂ ਵਾਪਸ ਜਾਣ ਲਈ ਰਵਾਨਾ ਹੋਏ। ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਬਾਈਕ ਸਵਾਰ ਦੋ ਸ਼ੂਟਰਾਂ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ।
ਸਰਪੰਚ ਪ੍ਰਤਾਪ ਸਿੰਘ ਦੀ ਪਿੱਠ ’ਤੇ ਚਾਰ ਗੋਲੀਆਂ ਲੱਗੀਆਂ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਗੋਲੀ ਪ੍ਰਤਾਪ ਸਿੰਘ ਦੇ ਸਾਥੀ ਬੁੱਧ ਸਿੰਘ (ਸਾਬਕਾ ਕਾਂਸਟੇਬਲ ਪੰਜਾਬ ਪੁਲਿਸ) ਦੇ ਗੋਡੇ ਵਿੱਚੋਂ ਲੰਘੀ ਜਦੋਂ ਕਿ ਦੂਜੀ ਗੋਲੀ ਉਸ ਦੀ ਪੱਗ ਵਿੱਚੋਂ ਲੰਘੀ। ਪਿੰਡ ਵਾਸੀਆਂ ਨੇ ਗੋਲੀ ਚਲਾ ਕੇ ਭੱਜਣ ਵਾਲੇ ਸ਼ੂਟਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਮੁਕਾਬਲਾ ਕੀਤਾ।
ਬਾਈਕ 'ਤੇ ਬੈਠਾ ਸ਼ੂਟਰ ਰਸਤੇ 'ਚ ਡਿੱਗ ਪਿਆ। ਮਹਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਨੇ ਗੋਲੀ ਚਲਾਉਣ ਵਾਲੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਚਾਲਕ ਨੇ ਗੋਲੀ ਚਲਾ ਦਿੱਤੀ। ਇੱਕ ਗੋਲੀ ਭਗਵੰਤ ਸਿੰਘ ਦੀ ਲੱਤ ਵਿੱਚ ਲੱਗੀ। ਇਸ ਦੌਰਾਨ ਦੋਵੇਂ ਸ਼ੂਟਰ ਫਰਾਰ ਹੋ ਗਏ। ਘਟਨਾ ਦੇ 40 ਮਿੰਟ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਇਲਾਕੇ ਦੀ ਘੇਰਾਬੰਦੀ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਝਬਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।