ਮਹਾਰਾਸ਼ਟਰ : ਕੈਮੀਕਲ ਫੈਕਟਰੀ 'ਚੋਂ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ
ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿੱਚ ਜਲਨ ਮਹਿਸੂਸ ਹੋ ਰਹੀ
By : BikramjeetSingh Gill
ਮਹਾਰਾਸ਼ਟਰ : ਮਹਾਰਾਸ਼ਟਰ ਦੇ ਅੰਬਰਨਾਥ 'ਚ ਇਕ ਕੈਮੀਕਲ ਕੰਪਨੀ ਦੀ ਫੈਕਟਰੀ 'ਚੋਂ ਗੈਸ ਲੀਕ ਹੋਣ ਕਾਰਨ ਦਹਿਸ਼ਤ ਫੈਲ ਗਈ ਹੈ। ਕੈਮੀਕਲ ਦਾ ਧੂੰਆਂ ਪੂਰੇ ਸ਼ਹਿਰ ਵਿੱਚ ਫੈਲ ਗਿਆ ਹੈ, ਜਿਸ ਨਾਲ ਵਿਜ਼ੀਬਿਲਟੀ ਘਟ ਗਈ ਹੈ। ਲੋਕਾਂ ਦੀਆਂ ਅੱਖਾਂ ਅਤੇ ਗਲੇ ਵਿੱਚ ਜਲਨ ਮਹਿਸੂਸ ਹੋ ਰਹੀ ਹੈ। ਇਸ ਨਾਲ ਲੋਕਾਂ ਦੇ ਮਨਾਂ ਵਿੱਚ 1984 ਦੇ ਭੋਪਾਲ ਗੈਸ ਕਾਂਡ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਸ਼ਹਿਰ ਦੀਆਂ ਵੀਡੀਓਜ਼ ਵਿੱਚ ਸੜਕਾਂ ਧੂੰਏਂ ਵਿੱਚ ਢੱਕੀਆਂ ਦਿਖਾਈ ਦਿੰਦੀਆਂ ਹਨ। ਇਸ ਦੇ ਸੰਪਰਕ ਵਿੱਚ ਆਏ ਲੋਕਾਂ ਨੇ ਆਪਣਾ ਨੱਕ ਅਤੇ ਮੂੰਹ ਢੱਕ ਲਿਆ ਹੈ। ਇੰਝ ਲੱਗਦਾ ਹੈ ਜਿਵੇਂ ਧੁੰਦ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੋਵੇ।
ਗੈਸ ਦਾ ਪਤਾ ਲਗਾਉਣ ਅਤੇ ਲੀਕ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸਥਿਤੀ 'ਤੇ ਕਾਬੂ ਪਾਉਣ ਲਈ ਟੀਮਾਂ ਵੀ ਭੇਜੀਆਂ ਗਈਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਹੈ।
ਦੱਸ ਦੇਈਏ ਕਿ 12 ਸਤੰਬਰ ਦੀ ਰਾਤ ਕਰੀਬ 10 ਵਜੇ ਮੋਰੀਵਾਲੀ ਐਮਆਈਡੀਸੀ ਇਲਾਕੇ ਵਿੱਚ ਤੇਜ਼ ਬਦਬੂ ਆਉਣ ਲੱਗੀ ਸੀ। ਇਸ ਕਾਰਨ ਕਈ ਨਾਗਰਿਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ। ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ। ਦੱਸਿਆ ਗਿਆ ਕਿ ਜਦੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਜਾਂਚ ਕੀਤੀ ਅਤੇ ਪੁੱਛਗਿੱਛ ਕੀਤੀ ਤਾਂ ਐਮ.ਆਈ.ਡੀ.ਸੀ. ਵਿੱਚ ਕਿਸੇ ਵੀ ਕੰਪਨੀ ਤੋਂ ਗੈਸ ਨਹੀਂ ਨਿਕਲੀ।
ਉਧਰ ਸ਼ਹਿਰ ਵਿੱਚ ਫੈਲੇ ਧੂੰਏਂ ਕਾਰਨ ਸ਼ਹਿਰੀਆਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿੱਕੇਮ ਕੈਮੀਕਲ ਕੰਪਨੀ ਵੱਲੋਂ ਹਵਾ ਵਿੱਚ ਕੈਮੀਕਲ ਫੈਲਣ ਕਾਰਨ ਨਾਗਰਿਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਲੋਕ ਗਲੇ ਵਿੱਚ ਦਰਦ ਅਤੇ ਅੱਖਾਂ ਵਿੱਚ ਜਲਣ ਤੋਂ ਪੀੜਤ ਸਨ।
ਇਸ ਸਮੇਂ ਹਵਾ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੋਬਾਈਲ ਵੈਨ ਰਾਹੀਂ ਹਵਾ ਪ੍ਰਦੂਸ਼ਣ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਹੀ ਗੈਸ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।