ਜਾਣੋ ਪੰਜਾਬ ਦੇ ਮੌਸਮ ਦਾ ਹਾਲ, ਵੱਧ ਰਹੀ ਹੈ ਗਰਮੀ
ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਇਆ।

ਤਾਪਮਾਨ 38 ਡਿਗਰੀ ਦੇ ਨੇੜੇ, ਤਿੰਨ ਦਿਨਾਂ ਲਈ ਪੀਲਾ ਅਲਰਟ ਜਾਰੀ, ਬਠਿੰਡਾ ਸਭ ਤੋਂ ਗਰਮ
ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜ ਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1.8 ਡਿਗਰੀ ਵਧੇਰੇ ਹੈ। ਕੁਝ ਥਾਵਾਂ 'ਤੇ ਤਾਪਮਾਨ 38 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਗਰਮੀ ਤੋਂ ਬੇਹਾਲ ਹਨ। ਬਠਿੰਡਾ ਰਾਜ ਦਾ ਸਭ ਤੋਂ ਗਰਮ ਸ਼ਹਿਰ ਰਿਹਾ।
ਮੌਸਮ ਵਿਭਾਗ ਨੇ 14 ਅਪ੍ਰੈਲ ਤੋਂ 17 ਅਪ੍ਰੈਲ ਤੱਕ ਗਰਮੀ ਦੀ ਲਹਿਰ ਚਲਣ ਦੀ ਭਵਿੱਖਬਾਣੀ ਕਰਦਿਆਂ ਪੀਲਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ, 18 ਤੋਂ 20 ਅਪ੍ਰੈਲ ਦੌਰਾਨ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਹਿਮਾਲੀਅਨ ਖੇਤਰ 'ਚ ਪੱਛਮੀ ਗੜਬੜੀ ਦਾ ਅਸਰ
16 ਅਪ੍ਰੈਲ ਤੋਂ, ਹਿਮਾਲੀਅਨ ਖੇਤਰਾਂ 'ਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਉਮੀਦ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਇਸ ਕਾਰਨ ਅਗਲੇ ਕੁਝ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 5 ਤੋਂ 6 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਸਿਹਤ ਵਿਭਾਗ ਵੱਲੋਂ ਚੇਤਾਵਨੀ ਅਤੇ ਸੂਚਨਾ
ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਤੀਬਰ ਗਰਮੀ ਦੇ ਦੌਰਾਨ ਘਰੋਂ ਬਾਹਰ ਨਿਕਲਣ ਤੋਂ ਬਚੋ।
ਜ਼ਰੂਰੀ ਕੰਮ ਸਵੇਰੇ ਜਾਂ ਸ਼ਾਮ ਨੂੰ ਕਰਣ ਦੀ ਕੋਸ਼ਿਸ਼ ਕਰੋ।
ਜ਼ਿਆਦਾ ਪਾਣੀ ਪੀਓ ਅਤੇ ਹਲਕੇ ਕੱਪੜੇ ਪਹਿਨੋ।
ਇਸ ਦੇ ਨਾਲ, ਸਾਰੇ ਸਰਕਾਰੀ ਹਸਪਤਾਲਾਂ ਦੇ ਸਮੇਂ 'ਚ ਵੀ ਤਬਦੀਲੀ ਕੀਤੀ ਗਈ ਹੈ। ਹੁਣ ਇਹ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ।
ਚੰਡੀਗੜ੍ਹ 'ਚ ਵੀ ਗਰਮੀ ਨੇ ਪਸਾਰੇ ਪੈਰ
ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਤੇਜ਼ੀ ਨਾਲ ਵਾਧਾ ਹੋਇਆ।
ਤਾਪਮਾਨ 2.6 ਡਿਗਰੀ ਵਧ ਕੇ 34.9 ਡਿਗਰੀ ਤੱਕ ਪਹੁੰਚ ਗਿਆ। ਇਹ ਹਾਲਾਂਕਿ ਆਮ ਨਾਲੋਂ 0.8 ਡਿਗਰੀ ਘੱਟ ਰਿਹਾ, ਪਰ ਗਰਮੀ ਦਾ ਅਹਿਸਾਸ ਜ਼ਿਆਦਾ ਰਿਹਾ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਅੱਜ ਦਾ ਮੌਸਮ
ਅੰਮ੍ਰਿਤਸਰ: ਕੁਝ ਹੱਦ ਤੱਕ ਬੱਦਲਵਾਈ ਰਹੇਗੀ। ਤਾਪਮਾਨ 21 ਤੋਂ 36 ਡਿਗਰੀ ਦਰਮਿਆਨ।
ਜਲੰਧਰ: ਅਸਮਾਨ ਸਾਫ਼ ਰਹੇਗਾ। ਤਾਪਮਾਨ 17 ਤੋਂ 33 ਡਿਗਰੀ ਦੇ ਵਿਚਕਾਰ।
ਲੁਧਿਆਣਾ: ਖੁਸ਼ਕ ਮੌਸਮ ਰਹੇਗਾ। ਤਾਪਮਾਨ 21 ਤੋਂ 37 ਡਿਗਰੀ ਤੱਕ।
ਪਟਿਆਲਾ: ਗਰਮੀ ਜ਼ਿਆਦਾ ਹੋਣ ਦੀ ਉਮੀਦ। ਤਾਪਮਾਨ 22 ਤੋਂ 36 ਡਿਗਰੀ।
ਮੋਹਾਲੀ: ਅਸਮਾਨ ਸਾਫ਼ ਰਹੇਗਾ। ਤਾਪਮਾਨ 19 ਤੋਂ 35 ਡਿਗਰੀ ਦੇ ਵਿਚਕਾਰ।