Begin typing your search above and press return to search.

Mississauga ‘ਚ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ Kingdom Team ਵੱਲੋਂ ਧਾਰਮਿਕ ਸਮਾਗਮ

ਸ਼ਰਧਾ ਭਾਵਨਾ ਨਾਲ ਪਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲਗਵਾਈ ਹਾਜ਼ਰੀ, ਸੰਗਤਾਂ ਨੇ ਕੀਤੀ ਭਰਪੂਰ ਸਰਾਹਨਾ

Mississauga ‘ਚ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ Kingdom Team ਵੱਲੋਂ ਧਾਰਮਿਕ ਸਮਾਗਮ
X

Sandeep KaurBy : Sandeep Kaur

  |  22 Dec 2025 11:21 PM IST

  • whatsapp
  • Telegram

ਮਿਸੀਸਾਗਾ ਵਿੱਚ ਕਿੰਗਡਮ ਟੀਮ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਅਮਰ ਸ਼ਹਾਦਤ ਨੂੰ ਨਮਨ ਕਰਦਿਆਂ ਅਤੇ ਕੰਪਨੀ ਦੇ ਸਮੂਹ ਕਰਮਚਾਰੀਆਂ ਦੀ ਸੁੱਖ, ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਲਈ ਇੱਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਪਾਵਨ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 19 ਦਸੰਬਰ ਨੂੰ ਕੀਤੀ ਗਈ, ਜਿਸ ਦਾ ਭੋਗ 21 ਦਸੰਬਰ ਨੂੰ ਕਿੰਗਡਮ ਟੀਮ ਦੇ ਵੱਡੇ ਦਫ਼ਤਰ ਵਿਖੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਪਾਇਆ ਗਿਆ। ਭੋਗ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਧਾਰਮਿਕ ਮਾਹੌਲ ਪੂਰੀ ਤਰ੍ਹਾਂ ਰੌਸ਼ਨਾਈ ਅਤੇ ਆਤਮਕ ਸ਼ਾਂਤੀ ਨਾਲ ਭਰਪੂਰ ਦਿੱਖ ਰਿਹਾ ਸੀ। ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ, ਜਿਸ ਨਾਲ ਸੰਗਤਾਂ ਨਿਹਾਲ ਹੋ ਗਈਆਂ। ਅਰਦਾਸ ਉਪਰੰਤ ਸਮਾਗਮ ਦੀ ਸੰਪੂਰਨਤਾ ਕੀਤੀ ਗਈ। ਇਸ ਮੌਕੇ ਓਨਟਾਰੀਓ ਖਾਲਸਾ ਦਰਬਾਰ ਵਿਖੇ ਅਣਥੱਕ ਸੇਵਾਵਾਂ ਨਿਭਾਉਣ ਵਾਲੇ ਅਤੇ ਮੈਟਰੋ ਪੰਜਾਬੀ ਸਪੋਰਟਸ ਕਬੱਡੀ ਕਲੱਬ ਦੇ ਪ੍ਰਧਾਨ ਸਰਦਾਰ ਤਰਨਜੀਤ ਸਿੰਘ ਗੋਗਾ ਗਹੂਨੀਆ ਵੱਲੋਂ ਕਿੰਗਡਮ ਟੀਮ ਦੀ ਇਸ ਧਾਰਮਿਕ ਪਹਿਲ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਦੱਸਿਆ ਕਿ ਹਰ ਸਾਲ ਕਿੰਗਡਮ ਟੀਮ ਵੱਲੋਂ ਇਹ ਚੰਗਾ ਕਾਰਜ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨ੍ਹਾਂ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ।

ਸੰਗਤਾਂ ਦੀ ਸੇਵਾ ਲਈ ਚਾਹ-ਪਕੌੜਿਆਂ ਅਤੇ ਗੁਰੂ ਦੇ ਲੰਗਰ ਦਾ ਬਹੁਤ ਹੀ ਸੁਚੱਜਾ ਅਤੇ ਉਤਮ ਪ੍ਰਬੰਧ ਕੀਤਾ ਗਿਆ ਸੀ। ਲੰਗਰ ਦੀ ਸੇਵਾ ਦੌਰਾਨ ਸੇਵਾਦਾਰਾਂ ਵੱਲੋਂ ਬੇਹੱਦ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਕਾਰਜ ਨਿਭਾਏ ਗਏ, ਜਿਸ ਦੀ ਸੰਗਤਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਕਈ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ। ਇਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਪਰਮ ਗਿੱਲ, ਮੌਜੂਦਾ ਐੱਮਪੀ ਇਕਵਿੰਦਰ ਗਹੀਰ, ਕੰਜ਼ਰਵੇਟਿਵ ਦੇ ਕੈਲਗਰੀ ਤੋਂ ਐੱਮਪੀ ਜਸਰਾਜ ਹੱਲਣ, ਓਨਟਾਰੀਓ ਖਾਲਸਾ ਦਰਬਾਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ, ਓਨਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ ਦੇ ਚੇਅਰਮੈਨ ਸਰਦਾਰ ਓਂਕਾਰ ਸਿੰਘ ਗਰੇਵਾਲ, ਉੱਘੇ ਬਿਜ਼ਨਸਮੈਨ ਜਸਪਾਲ ਗਹੁਣੀਆਂ, ਪਾਰਲੀਮੈਂਟ ਦੀ ਚੋਣ ਲੜ੍ਹ ਚੁੱਕੇ ਐਵੀ ਧਾਲੀਵਾਲ, ਅਦਾਰਾ ਹਮਦਰਦ ਦੇ ਸਰਦਾਰ ਅਮਰ ਸਿੰਘ ਭੁੱਲਰ ਸਮੇਤ ਹੋਰ ਕਈ ਪਤਵੰਤੇ ਸੱਜਣਾਂ ਮਲਕੀਤ ਸਿੰਘ, ਪਰਮਜੀਤ ਬੋਲੀਨਾ, ਬਲਰਾਜ ਚੀਮਾ, ਪਿੰਕੀ ਢਿੱਲੋਂ ਅਤੇ ਯੋਗਾ ਸਿੰਘ ਕੰਗ ਵੱਲੋਂ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ ਗਈ। ਹਾਜ਼ਰ ਸੱਜਣਾਂ ਨੇ ਕਿੰਗਡਮ ਟੀਮ ਵੱਲੋਂ ਕੀਤੇ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਪਾਰਕ ਸਫਲਤਾ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣਾ ਸੱਚੇ ਅਰਥਾਂ ਵਿੱਚ ਸੇਵਾ ਦਾ ਰੂਪ ਹੈ। ਸਮਾਗਮ ਦੇ ਅੰਤ ਵਿੱਚ ਕਿੰਗਡਮ ਟੀਮ ਵੱਲੋਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਗੁਰਮੁਖੀ ਅਤੇ ਸੇਵਾਮੁਖੀ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।

ਦੱਸਣਯੋਗ ਹੈ ਕਿ ਕਿੰਗਡਮ ਟੀਮ ਦੀ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਭਾਗੀਦਾਰੀ ਉਨ੍ਹਾਂ ਦੀ ਸੰਸਥਾ ਦੀ ਮੁੱਖ ਪ੍ਰਾਥਮਿਕਤਾ ਰਹੀ ਹੈ। ਕਿੰਗਡਮ ਟੀਮ ਬੱਜਰੀ ਅਤੇ ਐਗਰੀਗੇਟ ਉਦਯੋਗ ਵਿੱਚ ਇੱਕ ਭਰੋਸੇਯੋਗ ਅਤੇ ਮੰਨਿਆ-ਪ੍ਰਮਾਣਿਆ ਬ੍ਰਾਂਡ ਹੈ, ਜੋ ਵੱਖ-ਵੱਖ ਕਿਸਮਾਂ ਦੇ ਬੱਜਰੀ ਅਤੇ ਐਗਰੀਗੇਟ ਉਤਪਾਦਾਂ ਦੀ ਸਪਲਾਈ ਕਰਦਾ ਆ ਰਿਹਾ ਹੈ। 2005 ਵਿੱਚ ਕੰਪਨੀ ਦੀ ਸਥਾਪਨਾ ਤੋਂ ਬਾਅਦ ਕਿੰਗਡਮ ਟੀਮ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਅਤੇ ਅੱਜ ਉਸਾਰੀ ਉਦਯੋਗ ਦੀਆਂ ਲਗਾਤਾਰ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਗਾਹਕਾਂ ਨੂੰ ਉੱਚ ਗੁਣਵੱਤਾ ਵਾਲੀ ਸਮੱਗਰੀ ਉਪਲਬਧ ਕਰਵਾਉਣਾ ਕੰਪਨੀ ਦੀ ਪਹਿਲੀ ਤਰਜੀਹ ਹੈ। ਕਿੰਗਡਮ ਟੀਮ ਨੇ ਸੂਬਾਈ ਅਤੇ ਨਗਰਪਾਲਿਕਾ ਸਰਕਾਰਾਂ ਦੇ ਨਾਲ-ਨਾਲ ਨਿੱਜੀ ਖੇਤਰ, ਵਪਾਰਕ ਠੇਕੇਦਾਰਾਂ ਅਤੇ ਹੋਰ ਗਾਹਕਾਂ ਦੀ ਵੀ ਸਫ਼ਲਤਾਪੂਰਵਕ ਸੇਵਾ ਕੀਤੀ ਹੈ। ਇਸ ਦੇ ਨਾਲ ਹੀ ਕਿੰਗਡਮ ਟੀਮ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਕਈ ਗੈਰ-ਮੁਨਾਫਾ ਸੰਗਠਨਾਂ ਨੂੰ ਸਪਾਂਸਰ ਕਰਦੀ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਂਦੀ ਹੈ।

Next Story
ਤਾਜ਼ਾ ਖਬਰਾਂ
Share it