ਕੇਜਰੀਵਾਲ ਅਤੇ ਸੀਐਮ ਮਾਨ ਅੱਜ ਤਰਨਤਾਰਨ ਦੌਰੇ 'ਤੇ
ਕੇਜਰੀਵਾਲ ਅਤੇ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ-ਨਾਲ, ਇਸ ਦੌਰੇ ਨੂੰ ਰਾਜਨੀਤਿਕ ਤੌਰ 'ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਵਿਖੇ ਪਹੁੰਚ ਰਹੇ ਹਨ, ਜਿੱਥੇ ਉਹ ਹਾਲ ਹੀ ਵਿੱਚ ਦੇਹਾਂਤ ਕਰ ਚੁੱਕੇ ਸੀਨੀਅਰ ਆਗੂ ਅਤੇ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਪਰਿਵਾਰ ਨੂੰ ਮਿਲਣਗੇ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਆਯੋਜਿਤ ਭੋਗ ਸਮਾਗਮ ਵਿੱਚ ਸ਼ਾਮਲ ਹੋਣਗੇ। ਡਾ. ਸੋਹਲ ਦੀ ਮੌਤ 27 ਜੂਨ 2025 ਨੂੰ ਕੈਂਸਰ ਕਾਰਨ ਹੋਈ ਸੀ। ਉਹ 66 ਸਾਲ ਦੇ ਸਨ ਅਤੇ ਆਪਣੀ ਸਮਾਜਿਕ ਤੇ ਸਿਆਸੀ ਸੇਵਾ ਲਈ ਜਾਣੇ ਜਾਂਦੇ ਸਨ।
ਕੇਜਰੀਵਾਲ ਅਤੇ ਮਾਨ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਨਾਲ-ਨਾਲ, ਇਸ ਦੌਰੇ ਨੂੰ ਰਾਜਨੀਤਿਕ ਤੌਰ 'ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਡਾ. ਸੋਹਲ ਦੀ ਮੌਤ ਤੋਂ ਬਾਅਦ ਤਰਨਤਾਰਨ ਵਿਧਾਨ ਸਭਾ ਸੀਟ ਖਾਲੀ ਹੋ ਗਈ ਹੈ ਅਤੇ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਆਉਣ ਵਾਲੇ ਛੇ ਮਹੀਨਿਆਂ ਵਿੱਚ ਇੱਥੇ ਉਪਚੋਣ ਹੋਣ ਦੀ ਸੰਭਾਵਨਾ ਹੈ, ਜਿਸ ਲਈ ਪਾਰਟੀ ਨੇ ਸਥਾਨਕ ਵਰਕਰਾਂ ਅਤੇ ਜਨਤਾ ਨਾਲ ਸੰਪਰਕ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਡਾ. ਸੋਹਲ ਨੇ ਆਪਣੀ ਪੇਸ਼ਾਵਰ ਜ਼ਿੰਦਗੀ ਵਿੱਚ ਵੀ ਲੋਕ-ਭਲਾਈ ਲਈ ਕੰਮ ਕੀਤਾ ਅਤੇ ਸਿਆਸਤ ਵਿੱਚ ਆ ਕੇ ਵੀ ਤਰਨਤਾਰਨ ਦੀ ਤਰੱਕੀ ਲਈ ਯਤਨਸ਼ੀਲ ਰਹੇ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪਾਰਟੀ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।