Begin typing your search above and press return to search.

ਜਥੇਦਾਰ ਗੜਗੱਜ ਦੀ ਦਸਤਾਰਬੰਦੀ ‘ਖਾਲਸਾ ਪੰਥ’ ਪ੍ਰਵਾਨ ਨਹੀਂ : ਬਾਬਾ ਬਲਬੀਰ ਸਿੰਘ

ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਰਿਆਦਾ ਦਾ ਉਲੰਘਣ ਕਰਕੇ ਕੀਤੀ ਗਈ ਦਸਤਾਰਬੰਦੀ ਦਾ ਮੁਕੰਮਲ ਬਾਈਕਾਟ ਕੀਤੇ

ਜਥੇਦਾਰ ਗੜਗੱਜ ਦੀ ਦਸਤਾਰਬੰਦੀ ‘ਖਾਲਸਾ ਪੰਥ’ ਪ੍ਰਵਾਨ ਨਹੀਂ : ਬਾਬਾ ਬਲਬੀਰ ਸਿੰਘ
X

GillBy : Gill

  |  10 March 2025 3:52 PM IST

  • whatsapp
  • Telegram

ਬੁੱਢਾ ਦਲ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਦਿੱਤਾ ਸੀ ਅਲਟੀਮੇਟਮ, ਨਹੀਂ ਹੋ ਸਕੀ ‘ਪੰਥਕ ਦਸਤਾਰਬੰਦੀ’

ਸ੍ਰੀ ਅਨੰਦਪੁਰ ਸਾਹਿਬ: ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਵੱਲੋਂ ਨਵ ਨਿਯੁਕਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤ ਦੇ ਮੂੰਹ ਹਨੇਰੇ ਕੀਤੀ ਦਸਤਾਰਬੰਦੀ ਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰਦਾ ਨਾ ਕਰੇਗਾ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਤਖਤ ਸਾਹਿਬਾਨ ’ਤੇ ਲਗਾਏ ਜਾਂਦੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਤੋਂ ਬਾਅਦ ਪੰਥਕ ਦਸਤਾਰਬੰਦੀ ਹਮੇਸ਼ਾ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਦਲ ਪੰਥ ਜਥੇਬੰਦੀਆਂ, ਪੰਥਕ ਸਖਸ਼ੀਅਤਾਂ, ਸਭਾ ਸੁਸਾਇਟੀਆਂ, ਸਿੰਘ ਸਭਾਵਾਂ ਅਤੇ ਵੱਖ-ਵੱਖ ਪ੍ਰਤਿਸ਼ਟ ਸਖ਼ਸ਼ੀਅਤਾਂ ਵੱਲੋਂ ਦਸਤਾਰ ਸਿਰਪਾਓ ਭੇਂਟ ਕੀਤੀ ਜਾਂਦੀ ਹੈ, ਪਰ ਇਸ ਵਾਰ ਸਿੱਖ ਕੌਮ ਤੇ ਪੰਥ ਦੀਆਂ ਪੰਥਕ ਪ੍ਰੰਪਰਾਵਾਂ ਅਤੇ ਮਰਿਆਦਾ ਦੀ ਉਲੰਘਣਾ ਕਰਕੇ ਗੁਪਤ ਤਰੀਕੇ ਨਾਲ ਇੱਕ ਦੋ ਮੁਲਾਜਮਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰ ਭੇਂਟ ਕੀਤੀ ਗਈ ਹੈ ਜਿਸ ਨੂੰ ‘ਪੰਥਕ ਦਸਤਾਰਬੰਦੀ’ ਦੇ ਤੌਰ ’ਤੇ ਨਹੀਂ ਵੇਖਿਆ ਜਾ ਸਕਦਾ ਅਤੇ ਨਾ ਇਸ ਨੂੰ ਖਾਲਸਾ ਪੰਥ ਪ੍ਰਵਾਨ ਕਰਦਾ ਹੈ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੇਤ ਬਾਬਾ ਬਿਧੀਚੰਦ ਸਾਹਿਬ ਤਰਨਾ ਦਲ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਤਰਨਾ ਦਲ ਹਰੀਆਂ ਬੇਲਾਂ ਵੱਲੋਂ ਬਾਬਾ ਨਾਗਰ ਸਿੰਘ, ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਬਾਬਾ ਰਾਜਾਰਾਜ ਸਿੰਘ ਅਰਬਾਂ ਖਰਬਾਂ, ਬਾਬਾ ਕੁਲਵਿੰਦਰ ਸਿੰਘ ਚੌਤਾਂ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਬਲਵਿੰਦਰ ਸਿੰਘ ਉਡਣਾ ਦਲ ਮੋਇਆਂ ਦੀ ਮੰਡੀ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ, ਬਾਬਾ ਗੁਰਪਿੰਦਰ ਸਿੰਘ ਵਡਾਲਾ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੇ ਇਕ ਸੁਰ ਹੋ ਕੇ ਸਾਂਝੇ ਤੌਰ ਤੇ ਗੁਰਮਤਾ ਕੀਤਾ ਹੈ ਕਿ ਨਵ ਨਿਯੁਕਤ ਕੀਤੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਵਿਰੋਧ ਕੀਤਾ ਜਾਵੇ ਅਤੇ ਇਸ ਦਸਤਾਰਬੰਦੀ ਨੂੰ ਰੋਕਣ ਦਾ ਅਲਟੀਮੇਟਮ ਦਿੱਤਾ ਗਿਆ ਸੀ, ਪ੍ਰੰਤੂ ਪੰਥਕ ਪ੍ਰੰਪਰਾਵਾਂ ਦਾ ਘਾਣ ਕਰਕੇ ਜੋ ਕੁਝ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰਬੰਦੀ ਕੀਤੀ ਗਈ ਹੈ ਉਹ ਬਰਦਾਸ਼ਤਯੋਗ ਨਹੀਂ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਵੀ ਧਿਆਨ ਵਿਚ ਆਇਆ ਕਿ ਤੜਕਸਵੇਰੇ ਕਵਾੜ ਖੁੱਲ੍ਹਣ ਦਾ ਸਮਾਂ 4.30 ਵਜੇ ਰੱਖਿਆ ਗਿਆ, ਪ੍ਰੰਤੂ ਪੰਥ ਦਾ ਵਿਰੋਧ ਹੁੰਦਾ ਵੇਖਕੇ ਤੜਕੇ ਸਵੇਰੇ ਹੀ 2:50 ਵਜੇ ਦੋ ਮੁਲਾਜਮਾਂ ਵੱਲੋਂ ਦਸਤਾਰਬੰਦੀ ਕਰ ਦਿੱਤੀ ਗਈ ਅਤੇ ਇਸ ਦੌਰਾਨ ਸ਼ੋ੍ਰਮਣੀ ਕਮੇਟੀ ਪ੍ਰਧਾਨ, ਪੰਥਕ ਸਿੱਖ ਸੰਪਰਦਾਵਾਂ ਦੇ ਆਗੂਆਂ ਵਿਚੋਂ ਕੋਈ ਵੀ ਨਜ਼ਰ ਨਹੀਂ ਆਇਆ। ਮਰਿਆਦਾ ਦੀ ਉਲੰਘਣਾ ਕਰਕੇ ਸਮਾਂ ਬਦਲਕੇ ਇਹ ਦਸਤਾਰਬੰਦੀ ਕੀਤੀ ਗਈ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੁਝ ਆਗੂ ਪੰਥ ਦੀਆਂ ਰੂਹ ਰੀਤਾਂ ਦਾ ਘਾਣ ਕਰ ਰਹੇ ਹਨ ਅਤੇ ਮਰਿਆਦਾ ਦਾ ਉਲੰਘਣਾ ਕਰ ਰਹੇ ਹਨ ਜਿਸ ਨਾਲ ਸੰਗਤਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ।

ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਰਿਆਦਾ ਦਾ ਉਲੰਘਣ ਕਰਕੇ ਕੀਤੀ ਗਈ ਦਸਤਾਰਬੰਦੀ ਦਾ ਮੁਕੰਮਲ ਬਾਈਕਾਟ ਕੀਤੇ ਜਾਣ ਦੀ ਗੱਲ ਕਹਿੰਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਪੰਥਕ ਮਰਿਆਦਾਵਾਂ ਦੀ ਅਣਦੇਖੀ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਧਾਰਮਕ ਸਮਾਗਮਾਂ ਵਿਚ ਸਦਾ ਪੱਤਰ ਨਾ ਦਿੱਤੇ ਜਾਣ ਅਤੇ ਜਿਥੇ ਕਿਤੇ ਵੀ ਕੁਲਦੀਪ ਸਿੰਘ ਗੜਗੱਜ ਜਾਂਦੇ ਹਨ ਉਨ੍ਹਾਂ ਦਾ ਖਾਲਸਾ ਪੰਥ ਅਤੇ ਸੰਗਤਾਂ ਤਿੱਖਾ ਵਿਰੋਧ ਕਰਨ। ਅੰਤ ਵਿਚ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪੰਥਕ ਤੌਰ ’ਤੇ ਦਸਤਾਰਬੰਦੀ ਨਹੀਂ ਕੀਤੀ ਗਈ ਅਤੇ ਨਾ ਹੋ ਸਕੀ ਹੈ। ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਪਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ, ਪ੍ਰੰਪਰਾਵਾਂ ਅਤੇ ਮਰਿਆਦਾ ਦੀ ਰੌਸ਼ਨੀ ਵਿਚ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਦੀਆਂ ਹਨ।

ਉਨ੍ਹਾਂ ਕਿਹਾ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨਿਰੋਲ ਧਾਰਮਿਕ ਬਿਰਤੀ ਵਾਲੀਆਂ ਤੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਮਰਯਾਦਾ ਤੇ ਪਹਿਰਾ ਦੇਣ ਵਾਲੀਆਂ ਹਨ। ਸਾਡਾ ਕਿਸੇ ਸਿਆਸੀ ਧਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਿਹੰਗ ਸਿੰਘ ਬਾਣੀ ਬਾਣੇ ਦੇ ਧਾਰਨੀ ਹਨ ਤੇ ਤਖ਼ਤ ਸਾਹਿਬਾਨ ਦੀ ਆਨ ਬਾਨ ਸ਼ਾਨ ਲਈ ਕੁਰਬਾਨ ਹੋਣਾ ਜਾਣਦੇ ਹਨ। ਉਨ੍ਹਾਂ ਕਿਹਾ ਸਾਡਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਕੋਈ ਟਕਰਾ ਨਹੀਂ ਹੈ ਪਰ ਮਰਯਾਦਾ ਉਲੰਘਣ ਤੇ ਕੋਈ ਸਮਝੋਤਾ ਨਹੀਂ ਹੋ ਸਕਦਾ ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਧੱਕੇ ਜੋਰੀ ਨਿਯੁਕਤ ਕੀਤੇ ਇਸ ਜਥੇਦਾਰ ਨੂੰ ਕਿਸੇ ਵੀ ਪੰਥਕ ਤੇ ਘਰੇਲੂ, ਧਾਰਮਿਕ, ਸਮਾਗਮ ਵਿੱਚ ਸ਼ਾਮਲ ਨਾ ਹੋਣ ਦਿਤਾ ਜਾਵੇ। ਜਿਨ੍ਹਾਂ ਚਿਰ ਹਾਕਮ ਧਿਰ ਤਖ਼ਤ ਸਾਹਿਬਾਨ ਦੀ ਮਰਯਾਦਾ ਦਾ ਸਤਿਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਨੂੰ ਪੂਰਨ ਤੌਰ ਤੇ ਇਨ ਬਿਨ ਲਾਗੂ ਨਹੀਂ ਕਰਦੀ। ਉਨ੍ਹਾਂ ਚਿਰ ਖਾਲਸੇ ਦਾ ਖੰਡਾ ਖੜਕੇਗਾ।

Next Story
ਤਾਜ਼ਾ ਖਬਰਾਂ
Share it