ਜਗਰਾਉਂ: ਪੁਲਿਸ ਮੁਕਾਬਲੇ ਵਿੱਚ ਅਪਰਾਧੀ ਜ਼ਖਮੀ, ਗਹਿਣਿਆਂ ਦੀ ਦੁਕਾਨ ‘ਤੇ ਗੋਲੀਬਾਰੀ
ਇਹ ਮੁਕਾਬਲਾ ਉਸ ਮਾਮਲੇ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਲਗਭਗ ਦੋ ਹਫ਼ਤੇ ਪਹਿਲਾਂ ਲੱਡੂ ਜਵੈਲਰਜ਼ ‘ਤੇ ਗੋਲੀਬਾਰੀ ਕੀਤੀ ਗਈ ਸੀ।

ਜਗਰਾਉਂ ਵਿੱਚ ਅੱਜ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਦੌਰਾਨ ਇੱਕ ਅਪਰਾਧੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ, ਦੋਸ਼ੀ ਨੇ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਵਿੱਚੋਂ ਇੱਕ ਗੋਲੀ ਪੁਲਿਸ ਦੀ ਗੱਡੀ ਨੂੰ ਲੱਗੀ। ਇਹ ਮੁਕਾਬਲਾ ਉਸ ਮਾਮਲੇ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਲਗਭਗ ਦੋ ਹਫ਼ਤੇ ਪਹਿਲਾਂ ਲੱਡੂ ਜਵੈਲਰਜ਼ ‘ਤੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਗੈਂਗਸਟਰ ਅਰਸ਼ ਡੱਲਾ ਦੇ ਆਦੇਸ਼ ‘ਤੇ ਕੀਤਾ ਗਿਆ ਹਮਲਾ ਸੀ।
ਅਪਰਾਧੀ ਪੁਲਿਸ ਮੁਕਾਬਲੇ ‘ਚ ਫੜਿਆ ਗਿਆ
ਪੁਲਿਸ ਨੇ ਮੁਕਾਬਲੇ ਦੌਰਾਨ ਕਿਸ਼ਨ ਜ਼ੀਰਾ ਨੂੰ ਗ੍ਰਿਫ਼ਤਾਰ ਕੀਤਾ, ਜੋ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਸਤੀ ਮਾਨਸੀਆ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਮੁਲਜ਼ਮ ਅਰਸ਼ ਡੱਲਾ ਗੈਂਗ ਨਾਲ ਸਿੱਧਾ ਜੁੜਿਆ ਹੋਇਆ ਹੈ। ਏਡੀਜੀਪੀ ਏਜੀਟੀਐਫ ਪ੍ਰਮੋਦ ਬੈਨ ਨੇ ਦੱਸਿਆ ਕਿ ਪੁਲਿਸ ਨੂੰ ਕੁਝ ਹਫ਼ਤੇ ਪਹਿਲਾਂ ਹੀ ਇਨ੍ਹਾਂ ਗੈਂਗਸਟਰਾਂ ਦੀ ਗਤੀਵਿਧੀ ਬਾਰੇ ਜਾਣਕਾਰੀ ਮਿਲ ਗਈ ਸੀ। ਅਰਸ਼ ਡੱਲਾ, ਜੋ ਇਸ ਵੇਲੇ ਵਿਦੇਸ਼ ਵਿੱਚ ਹੈ, ਨੇ ਹੀ ਲੱਡੂ ਜਵੈਲਰਜ਼ ਦੇ ਮਾਲਕ ਪਵਨ ਕੁਮਾਰ ਤੋਂ ਫ਼ਿਰੌਤੀ ਮੰਗਣ ਲਈ ਆਪਣੇ ਗੈਂਗ ਦੇ ਮੈਂਬਰਾਂ ਨੂੰ ਆਦੇਸ਼ ਦਿੱਤਾ ਸੀ।
ਦੁਕਾਨ ‘ਤੇ ਗੋਲੀ ਚਲਾਉਣ ਦੀ ਮਿਲੀ ਸੀ ਹਦਾਇਤ
ਮੁਲਜ਼ਮ ਕਿਸ਼ਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਸਿਰਫ਼ ਦੁਕਾਨ ‘ਤੇ ਗੋਲੀਬਾਰੀ ਕਰਨ ਦਾ ਹੁਕਮ ਮਿਲਿਆ ਸੀ ਤਾਂ ਜੋ ਦੁਕਾਨਦਾਰ ਪਵਨ ਕੁਮਾਰ ਡਰਕੇ ਫ਼ਿਰੌਤੀ ਦੀ ਰਕਮ ਦੇਣ ‘ਤੇ ਮਜਬੂਰ ਹੋ ਜਾਵੇ। ਇਸ ਹਮਲੇ ਤੋਂ ਬਾਅਦ, ਦੁਕਾਨਦਾਰ ਨੇ ਸ਼ੁਰੂ ਵਿੱਚ ਕਿਸੇ ਵੀ ਜਬਰੀ ਵਸੂਲੀ ਜਾਂ ਧਮਕੀ ਭਰੇ ਫ਼ੋਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਪੁਲਿਸ ਦੀ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਕਿ ਇਹ ਹਮਲਾ ਗੈਂਗਸਟਰ ਅਰਸ਼ ਡੱਲਾ ਦੇ ਆਦੇਸ਼ ‘ਤੇ ਕੀਤਾ ਗਿਆ ਸੀ।
ਇੱਕ ਹੋਰ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ
ਮੁਕਾਬਲੇ ਦੌਰਾਨ ਕਿਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਦੂਸਰਾ ਦੋਸ਼ੀ, ਜੋ ਹਮਲੇ ਦੌਰਾਨ ਬਾਈਕ ਚਲਾ ਰਿਹਾ ਸੀ, ਹਾਲੇ ਵੀ ਫ਼ਰਾਰ ਹੈ। ਪੁਲਿਸ ਟੀਮ ਉਸਦੀ ਗ੍ਰਿਫ਼ਤਾਰੀ ਲਈ ਅਲੱਗ-ਅਲੱਗ ਥਾਵਾਂ ‘ਤੇ ਛਾਪੇ ਮਾਰ ਰਹੀ ਹੈ।
ਪੁਲਿਸ ਵੱਲੋਂ ਸਖ਼ਤ ਕਾਰਵਾਈ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾ ਰਹੀ ਹੈ। ਜਿਲ੍ਹਾ ਪੁਲਿਸ ਨੇ ਗੈਂਗਸਟਰਾਂ ਦੇ ਵਿਰੁੱਧ ਆਪਣੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਜੇਕਰ ਕੋਈ ਵਿਅਕਤੀ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਾਲਾਤਾਂ ਨੂੰ ਦੇਖਦਿਆਂ, ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗੈਂਗਸਟਰ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ।