ਕੁਦਰਤ 'ਚ ਮੁਦਾਖ਼ਲਤ: ਬਾਰਿਸ਼ ਰੋਕਣ-ਪਵਾਉਣ ਦੀ ਤਕਨੀਕ, ਭਾਰਤੀ ਵਿਗਿਆਨੀਆਂ ਦਾ ਕਮਾਲ
By : BikramjeetSingh Gill
ਨਵੀਂ ਦਿੱਲੀ : ਭਾਰਤੀ ਵਿਗਿਆਨੀ ਕਮਾਲ ਕਰਨ ਜਾ ਰਹੇ ਹਨ। ਹੁਣ ਆਪਣੇ ਹਿਸਾਬ ਨਾਲ ਬਾਰਸ਼ ਪਵਾਈ ਜਾ ਸਕੇਗੀ ਜਾਂ ਫਿਰ ਰੋਕੀ ਵੀ ਜਾ ਸਕੇਗੀ। ਹੈ ਤਾਂ ਇਹ ਕੁਦਰਤ ਵਿਚ ਮੁਦਾਖ਼ਲਤ ਪਰ ਇਸ ਦੇ ਨਤੀਜੇ ਵੀ ਇਨਸਾਨ ਨੂੰ ਹੀ ਭੁਗਤਨੇ ਪੈਣਗੇ। ਦਰਅਸਲ ਹੁਣ ਤੱਕ ਸੋਕੇ ਜਾਂ ਅਤਿ ਦੀ ਗਰਮੀ ਤੋਂ ਬਚਣ ਲਈ ਬਾਰਸ਼ ਬਣਾਉਣ ਦੀ ਤਕਨੀਕ 'ਤੇ ਚਰਚਾ ਹੁੰਦੀ ਰਹੀ ਹੈ। ਭਾਰਤ ਅਤੇ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਵਿੱਚ ਮੁਹਾਰਤ ਹਾਸਲ ਕੀਤੀ ਹੈ। ਇੰਨਾ ਹੀ ਨਹੀਂ ਹੁਣ ਭਾਰਤੀ ਵਿਗਿਆਨੀ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਬਾਰਿਸ਼ ਨੂੰ ਰੋਕਣ ਲਈ ਤਕਨੀਕ ਦੀ ਖੋਜ ਕਰ ਰਹੇ ਹਨ। ਇਸ ਤਹਿਤ ਉਨ੍ਹਾਂ ਸ਼ਹਿਰਾਂ 'ਚ ਮੀਂਹ ਨੂੰ ਰੋਕਣ ਜਾਂ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿੱਥੇ ਕੋਈ ਵੱਡਾ ਸਮਾਗਮ ਹੋਣਾ ਹੈ ਜਾਂ ਆਜ਼ਾਦੀ ਦਿਵਸ ਵਰਗਾ ਮੌਕਾ ਹੈ। ਇਸ ਤੋਂ ਇਲਾਵਾ ਲਗਾਤਾਰ ਮੀਂਹ ਪੈਣ ਕਾਰਨ ਸ਼ਹਿਰਾਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਜੇਕਰ ਇਹ ਤਕਨੀਕ ਸਫਲ ਹੋ ਜਾਂਦੀ ਹੈ ਤਾਂ ਉਨ੍ਹਾਂ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ।
ਧਰਤੀ ਅਤੇ ਵਿਗਿਆਨ ਮੰਤਰਾਲੇ ਨਾਲ ਜੁੜੇ ਵਿਗਿਆਨੀ ਇਸ ਸਬੰਧੀ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ ਅਗਲੇ ਡੇਢ ਸਾਲ 'ਚ ਇਸ ਦਿਸ਼ਾ 'ਚ ਕੁਝ ਠੋਸ ਪ੍ਰਗਤੀ ਕੀਤੀ ਜਾ ਸਕਦੀ ਹੈ। ਇਸ ਤਹਿਤ ਕਿਤੇ ਕਿਤੇ ਮੀਂਹ ਵੀ ਪੈ ਸਕਦਾ ਹੈ ਅਤੇ ਲੋੜ ਪੈਣ 'ਤੇ ਮੀਂਹ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤਕਨੀਕ ਨੂੰ 'ਮੌਸਮ ਜੀਪੀਟੀ' ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਵਿਗਿਆਨੀ ਮੌਸਮ ਦੀ ਭਵਿੱਖਬਾਣੀ ਨੂੰ ਹੋਰ ਸਹੀ ਬਣਾਉਣ ਦੀ ਦਿਸ਼ਾ 'ਚ ਵੀ ਕੰਮ ਕਰ ਰਹੇ ਹਨ।
ਜੇਕਰ ਭਾਰਤ ਅਜਿਹੀ ਤਕਨੀਕ 'ਚ ਮੁਹਾਰਤ ਹਾਸਲ ਕਰ ਲੈਂਦਾ ਹੈ, ਤਾਂ ਇਹ ਦੁਨੀਆ 'ਚ ਵੱਡੀ ਸਫਲਤਾ ਹਾਸਲ ਕਰੇਗਾ ਅਤੇ ਮੌਸਮ ਸੰਬੰਧੀ ਬਦਲਾਅ ਨੂੰ ਕੰਟਰੋਲ ਕਰਨ 'ਚ ਦੂਜੇ ਦੇਸ਼ਾਂ ਤੋਂ ਇਕ ਕਦਮ ਅੱਗੇ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਬੱਦਲ ਫਟਣ ਵਰਗੀਆਂ ਘਟਨਾਵਾਂ ਨੂੰ ਰੋਕਣ 'ਚ ਵੀ ਮਦਦ ਮਿਲੇਗੀ। ਅਗਲੇ 5 ਸਾਲਾਂ 'ਚ ਭੂ-ਵਿਗਿਆਨ ਮੰਤਰਾਲਾ ਚੈਟ GPT ਦੀ ਤਰਜ਼ 'ਤੇ ਅਜਿਹਾ ਐਪ ਤਿਆਰ ਕਰਨ ਜਾ ਰਿਹਾ ਹੈ, ਜਿਸ ਰਾਹੀਂ ਮੌਸਮ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਇਸ ਐਪ ਦਾ ਨਾਂ ਮੌਸਮ GPT ਹੋਵੇਗਾ। ਇਸ ਦੀ ਮਦਦ ਨਾਲ ਲੋਕ ਲਿਖਤੀ ਅਤੇ ਆਡੀਓ ਰੂਪ 'ਚ ਮੌਸਮ ਦੇ ਬਦਲਾਅ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਵਰਖਾ ਨੂੰ ਵਧਾਉਣ ਜਾਂ ਰੋਕਣ ਲਈ ਕਲਾਉਡ ਸੀਡਿੰਗ ਤਕਨੀਕਾਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਤਕਨੀਕ ਦੀ ਵਰਤੋਂ ਅਮਰੀਕਾ, ਕੈਨੇਡਾ, ਚੀਨ, ਰੂਸ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ।