ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਭਾਰਤੀ ਗ੍ਰਿਫਤਾਰ
ਬਾਇਓਮੈਟਰਿਕ ਤਕਨੀਕ ਦੀ ਵਰਤੋਂ ਨਾਲ ਉਸ ਦੀ ਅਸਲ ਪਛਾਣ ਦਾ ਪਤਾ ਲੱਗਾ ਤੇ ਇਹ ਵੀ ਪਤਾ ਲੱਗਾ ਕਿ ਉਸ ਨੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।

By : Gill
ਹੱਤਿਆ ਮਾਮਲੇ ਵਿੱਚ ਲੋੜੀਂਦੇ ਵਿਸ਼ਾਤ ਕੁਮਾਰ ਦੀ ਹੋਵੇਗੀ ਵਤਨ ਵਾਪਿਸੀ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਨੇ ਪੋਰਟ ਆਫ ਬੁਫਾਲੋ ਵਿਖੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਇਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਭਾਰਤ ਵਿੱਚ ਇੱਕ ਹੱਤਿਆ ਦੇ ਮਾਮਲੇ ਵਿੱਚ ਲੋੜ ਹੈ। ਪੀਸ ਬਰਿਜ ਬਾਰਡਰ ਕਰਾਸਿੰਗ 'ਤੇ 22 ਸਾਲਾ ਵਿਸ਼ਾਤ ਕੁਮਾਰ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਉਹ ਬੁਫਾਲੋ, ਨਿਊਯਾਰਕ ਤੋਂ ਫੋਰਟ ਐਰੀ,ਓਨਟਾਰੀਓ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਸੀ ਜਦੋਂ ਸੀ ਬੀ ਪੀ ਅਫਸਰਾਂ ਵੱਲੋਂ ਦੂਸਰੀ ਵਾਰ ਕੀਤੀ ਜਾਂਚ ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਆਪਣੀ ਅਸਲ ਪਛਾਣ ਲੁਕਾ ਰਿਹਾ ਹੈ ਤੇ ਨਕਲੀ ਨਾਂ ਦੀ ਵਰਤੋਂ ਕਰ ਰਿਹਾ ਹੈ। ਬਾਇਓਮੈਟਰਿਕ ਤਕਨੀਕ ਦੀ ਵਰਤੋਂ ਨਾਲ ਉਸ ਦੀ ਅਸਲ ਪਛਾਣ ਦਾ ਪਤਾ ਲੱਗਾ ਤੇ ਇਹ ਵੀ ਪਤਾ ਲੱਗਾ ਕਿ ਉਸ ਨੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਉਹ ਅਮਰੀਕਾ ਵਿੱਚ 2024 ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਤੇ ਸ਼ਰਨ ਲੈਣ ਵਾਸਤੇ ਇੰਟਰਵਿਊ ਦੇਣ ਲਈ ਨਹੀਂ ਆਇਆ ਸੀ। ਹੋਰ ਜਾਂਚ ਪੜਤਾਲ ਤੋਂ ਪਤਾ ਲੱਗਾ ਕਿ ਉਸ ਵਿਰੁੱਧ ਇੰਟਰਪੋਲ ਰੈਡ ਨੋਟਿਸ ਜਾਰੀ ਹੋਇਆ ਹੈ ਤੇ ਉਹ ਭਾਰਤ ਵਿੱਚ ਇੱਕ ਹੱਤਿਆ ਦੇ ਮਾਮਲੇ ਵਿੱਚ ਲੋੜੀਂਦਾ ਹੈ। ਉਸ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੇ ਸੁਪਰਦ ਕਰ ਦਿੱਤਾ ਗਿਆ ਹੈ। ਉਸ ਨੂੰ ਬਾਟਾਵੀਆ, ਨਿਊਯਾਰਕ ਵਿੱਚ ਸੰਘੀ ਬੰਦੀ ਕੇਂਦਰ ਵਿੱਚ ਰਖਿਆ ਗਿਆ ਹੈ ਜਿਥੋਂ ਉਸ ਨੂੰ ਭਾਰਤ ਵਾਪਿਸ ਭੇਜਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।


