Brampton ਦੇ ਰਹਿਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਦਾ Toronto'ਚ ਗੋਲੀਆਂ ਮਾਰ ਕੇ ਕਤਲ
ਟੋਰਾਂਟੋ ਦੇ ਵੁੱਡਬਾਈਨ ਮਾਲ ਦੇ ਬਾਹਰ ਕਾਰ 'ਚ ਬੈਠੇ 'ਤੇ ਕੀਤਾ ਗਿਆ ਜਾਨਲੇਵਾ ਹਮਲਾ

By : Sandeep Kaur
ਈਟੋਬੀਕੋ ਦੇ ਵੁੱਡਬਾਈਨ ਮਾਲ ਵਿੱਚ ਸ਼ਨੀਵਾਰ ਦੁਪਹਿਰ ਨੂੰ ਭੀੜਭਾੜ ਵਾਲੇ ਸਮੇਂ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਮੁਤਾਬਕ, ਉਹਨਾਂ ਨੂੰ ਦੁਪਹਿਰ ਕਰੀਬ 3:30 ਵਜੇ ਹਾਈਵੇ 27 ਅਤੇ ਰੈਕਸਡੇਲ ਬੁਲੇਵਾਰਡ ਨੇੜੇ ਮਾਲ ਦੇ ਬਾਹਰ ਗੋਲੀਬਾਰੀ ਦੀ ਸੂਚਨਾ ਮਿਲੀ। ਗੋਲੀ ਲੱਗਣ ਨਾਲ 37 ਸਾਲ ਦੀ ਉਮਰ ਦੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਐਤਵਾਰ ਨੂੰ ਪੁਲਿਸ ਨੇ ਮ੍ਰਿਤਕ ਦੀ ਪਛਾਣ ਬਰੈਂਪਟਨ ਨਿਵਾਸੀ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਵਜੋਂ ਕੀਤੀ। ਮੌਕੇ ‘ਤੇ ਮੀਡੀਆ ਨਾਲ ਗੱਲ ਕਰਦੇ ਹੋਏ ਇੰਸਪੈਕਟਰ ਐਰੋਲ ਵਾਟਸਨ ਨੇ ਕਿਹਾ ਕਿ ਜਾਂਚਕਾਰਾਂ ਨੂੰ ਯਕੀਨ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਮਾਲ ਵਰਗੀ ਜਨਤਕ ਥਾਂ ‘ਤੇ ਹੋਈ ਘਟਨਾ ਲੋਕਾਂ ਵਿੱਚ ਡਰ ਪੈਦਾ ਕਰ ਸਕਦੀ ਹੈ, ਪਰ ਪੁਲਿਸ ਗਵਾਹਾਂ, ਵੀਡੀਓ ਫੁਟੇਜ ਅਤੇ ਹੋਰ ਸਬੂਤ ਇਕੱਠੇ ਕਰ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਕੁਝ ਵੀ ਦੇਖਿਆ ਹੋਵੇ ਤਾਂ ਅੱਗੇ ਆ ਕੇ ਜਾਣਕਾਰੀ ਦੇਣ।
ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਫੋਰੈਂਸਿਕ ਟੀਮ ਵੀ ਮੌਕੇ ‘ਤੇ ਮੌਜੂਦ ਰਹੀ। ਪੁਲਿਸ ਅਜੇ ਤੱਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਵਿੱਚ ਕਿੰਨੇ ਲੋਕ ਸ਼ਾਮਲ ਸਨ ਅਤੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ। ਮਾਲ ਦੇ ਦੱਖਣੀ ਦਰਵਾਜ਼ੇ ਨੂੰ ਕਰਾਈਮ ਸੀਨ ਟੇਪ ਨਾਲ ਬੰਦ ਕਰ ਦਿੱਤਾ ਗਿਆ ਸੀ। ਪਾਰਕਿੰਗ ਲਾਟ ਕੋਲ ਇੱਕ ਸਫੈਦ ਹਿਉਂਡਾਈ ਐਸਯੂਵੀ ਖੜੀ ਸੀ, ਜਿਸਦੀ ਡਰਾਈਵਰ ਸਾਈਡ ਵਿੰਡਸ਼ੀਲਡ ‘ਤੇ ਕਰੀਬ 10 ਗੋਲੀਆਂ ਦੇ ਨਿਸ਼ਾਨ ਸਨ। ਗੱਡੀ ਦੇ ਬਾਹਰ ਟੁੱਟਿਆ ਕੱਚ, ਇੱਕ ਖੱਬਾ ਜੁੱਤਾ ਅਤੇ ਖੂਨ ਨਾਲ ਲੱਥਪੱਥ ਪੀਲੀ ਜੈਕਟ ਪਈ ਹੋਈ ਸੀ। ਪੁਲਿਸ ਜਾਂਚ ਦੇ ਬਾਵਜੂਦ ਮਾਲ ਖੁੱਲ੍ਹਾ ਰਿਹਾ। ਅੰਦਰ ਲੋਕ ਖਰੀਦਦਾਰੀ ਕਰ ਰਹੇ ਸਨ, ਫੂਡ ਕੋਰਟ ਵਿੱਚ ਭੀੜ ਸੀ ਅਤੇ ਫੈਂਟਸੀ ਫੇਅਰ ਵਿੱਚ ਬੱਚੇ ਝੂਲੇ ਲੈ ਰਹੇ ਸਨ। ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਪਤਾ ਤਾਂ ਲੱਗਿਆ, ਪਰ ਨਾ ਤਾਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ ਅਤੇ ਨਾ ਹੀ ਕੁਝ ਅਜਿਹਾ ਦੇਖਿਆ।
ਰੈਮੀ ਓਰੀਓਲਾ, ਜੋ ਆਪਣੇ ਭਤੀਜੇ-ਭਤੀਜੀ ਨੂੰ ਮਾਲ ਲੈ ਕੇ ਆਈ ਸੀ, ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਪਤਾ ਹੀ ਨਹੀਂ ਸੀ ਕਿ ਇੱਥੇ ਗੋਲੀਬਾਰੀ ਹੋਈ ਹੈ। “ਇਹ ਡਰਾਉਣਾ ਹੈ। ਅਸੀਂ ਅਕਸਰ ਇੱਥੇ ਆਉਂਦੇ ਹਾਂ। ਵੁੱਡਬਾਈਨ ਵਰਗੀ ਥਾਂ ‘ਤੇ ਅਜਿਹਾ ਹੋਵੇਗਾ, ਕਦੇ ਸੋਚਿਆ ਨਹੀਂ ਸੀ,” ਉਸਨੇ ਕਿਹਾ। ਘਟਨਾ ਬਾਰੇ ਜਾਣਨ ਤੋਂ ਬਾਅਦ, ਉਸਨੇ ਸਾਵਧਾਨੀ ਵਜੋਂ ਮਾਲ ਛੱਡਣ ਦਾ ਫੈਸਲਾ ਕੀਤਾ। ਇਸੇ ਦੌਰਾਨ, ਮਾਲ ਦੇ ਇੱਕ ਮੋਬਾਈਲ ਕਿਓਸਕ ‘ਤੇ ਕੰਮ ਕਰ ਰਹੇ ਲੜਕੇ ਧਨੁਸ਼ ਨੇ ਦੱਸਿਆ ਕਿ ਗੋਲੀਬਾਰੀ ਸਮੇਂ ਮਾਲ ਕਾਫੀ ਭਰਿਆ ਹੋਇਆ ਸੀ, ਪਰ ਕਿਸੇ ਨੇ ਵੀ ਕੁਝ ਸੁਣਿਆ ਨਹੀਂ। ਉਸਨੂੰ ਤਾਂ ਤਦ ਪਤਾ ਲੱਗਿਆ ਜਦੋਂ ਹਥਿਆਰਬੰਦ ਪੁਲਿਸ ਅਧਿਕਾਰੀ ਮਾਲ ਅੰਦਰ ਦਾਖਲ ਹੋਏ ਅਤੇ ਦਰਵਾਜ਼ਿਆਂ ਨੂੰ ਸੀਲ ਕੀਤਾ ਗਿਆ। ਉਸਨੇ ਕਿਹਾ ਕਿ ਉਸਨੂੰ ਸੀਸੀਟੀਵੀ ਜਾਂਚ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਮਾਲ ਦੇ ਅੰਦਰ ਨਹੀਂ ਗਏ। ਪੁਲਿਸ ਮੁਤਾਬਕ, ਅਣਪਛਾਤੇ ਸ਼ੱਕੀ ਕਾਰ ਰਾਹੀਂ ਮੌਕੇ ਤੋਂ ਫਰਾਰ ਹੋ ਗਏ। ਸ਼ਾਮ ਤੱਕ ਇਲਾਕੇ ਵਿੱਚ ਪੁਲਿਸ ਦੀ ਭਾਰੀ ਮੌਜੂਦਗੀ ਰਹੀ। ਇਹ ਗੋਲੀਬਾਰੀ ਇਸ ਸਾਲ ਟੋਰਾਂਟੋ ਵਿੱਚ ਤੀਜੀ ਕਤਲ ਦੀ ਘਟਨਾ ਹੈ।


