IND vs AUS: ਯਸ਼ਸਵੀ-ਰਾਹੁਲ ਨੇ ਕਰ ਦਿਖਾਇਆ ਕਮਾਲ
By : BikramjeetSingh Gill
ਪਰਥ : ਪਰਥ ਦੇ ਮੈਦਾਨ 'ਤੇ ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਦੇ ਟਾਪ ਕਲਾਸ ਸ਼ੋਅ ਨੇ ਭਾਰਤੀ ਪ੍ਰਸ਼ੰਸਕਾਂ ਦਾ ਦਿਨ ਬਣਾ ਦਿੱਤਾ। ਟੈਸਟ ਦੇ ਦੂਜੇ ਦਿਨ ਕੰਗਾਰੂ ਟੀਮ ਦਾ ਹਰ ਅਨੁਭਵੀ ਗੇਂਦਬਾਜ਼ ਸਲਾਮੀ ਜੋੜੀ ਦੇ ਸਾਹਮਣੇ ਪਾਣੀ ਮੰਗਦਾ ਨਜ਼ਰ ਆਇਆ। ਦਿਨ ਦੀ ਖੇਡ ਖਤਮ ਹੋਣ ਤੱਕ ਦੋਵਾਂ ਨੇ ਪਹਿਲੀ ਵਿਕਟ ਲਈ 172 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਸੀ। ਯਸ਼ਸਵੀ 90 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਅਤੇ ਰਾਹੁਲ 62 ਦੌੜਾਂ 'ਤੇ ਹਨ। ਯਸ਼ਸਵੀ-ਰਾਹੁਲ ਨੇ ਕੰਗਾਰੂ ਦੇ ਮੈਦਾਨ 'ਤੇ ਉਹ ਉਪਲਬਧੀ ਹਾਸਲ ਕੀਤੀ ਹੈ, ਜੋ ਪਿਛਲੇ 14 ਸਾਲਾਂ 'ਚ ਕੋਈ ਵੀ ਸਲਾਮੀ ਜੋੜੀ ਨਹੀਂ ਕਰ ਸਕੀ।
ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਦੀ ਜੋੜੀ ਪਿਛਲੇ 14 ਸਾਲਾਂ 'ਚ ਪਹਿਲੀ ਓਪਨਿੰਗ ਜੋੜੀ ਹੈ, ਜਿਸ ਨੇ ਕੰਗਾਰੂਆਂ ਦੀ ਧਰਤੀ 'ਤੇ ਪਹਿਲੀ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਜੋੜੀ ਨੇ ਪਹਿਲੀ ਵਿਕਟ ਲਈ 172 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2010 'ਚ ਐਲਿਸਟੇਅਰ ਕੁੱਕ ਅਤੇ ਐਂਡਰਿਊ ਸਟ੍ਰਾਸ ਦੀ ਓਪਨਿੰਗ ਜੋੜੀ ਨੇ ਕੰਗਾਰੂ ਟੀਮ ਖਿਲਾਫ 159 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਦੂਜੀ ਪਾਰੀ 'ਚ ਯਸ਼ਸਵੀ ਅਤੇ ਰਾਹੁਲ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਖੁੱਲ੍ਹ ਕੇ ਸ਼ਾਟ ਲਗਾਏ। ਖਾਸ ਤੌਰ 'ਤੇ ਯਸ਼ਸਵੀ ਕਾਫੀ ਚੰਗੇ ਅੰਦਾਜ਼ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਕੰਗਾਰੂ ਤੇਜ਼ ਗੇਂਦਬਾਜ਼ਾਂ ਨੂੰ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।
ਦੂਸਰੀ ਪਾਰੀ ਵਿੱਚ ਸੈਂਕੜਾ ਦੀ ਸਾਂਝੇਦਾਰੀ ਕਰਕੇ ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਕੰਗਾਰੂਆਂ ਦੀ ਧਰਤੀ 'ਤੇ ਅਜਿਹਾ ਕਾਰਨਾਮਾ ਕਰ ਵਿਖਾਇਆ ਹੈ, ਜੋ 20 ਸਾਲ ਪਹਿਲਾਂ ਹੋਇਆ ਸੀ। ਭਾਰਤ ਦੀ ਸਲਾਮੀ ਜੋੜੀ ਨੇ ਆਖਰੀ ਵਾਰ 2004 'ਚ ਆਸਟ੍ਰੇਲੀਆ 'ਚ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਸੀ। ਵਰਿੰਦਰ ਸਹਿਵਾਗ ਅਤੇ ਆਕਾਸ਼ ਚੋਪੜਾ ਦੀ ਜੋੜੀ ਨੇ ਸਿਡਨੀ ਦੇ ਮੈਦਾਨ 'ਤੇ ਪਹਿਲੀ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਯਸ਼ਸਵੀ-ਰਾਹੁਲ ਨੇ ਇਸ ਰਿਕਾਰਡ ਨੂੰ ਤਬਾਹ ਕਰ ਦਿੱਤਾ ਹੈ।
ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਪਿਛਲੇ ਛੇ ਸਾਲਾਂ ਵਿੱਚ ਆਸਟਰੇਲੀਆ ਵਿੱਚ ਲਗਾਤਾਰ ਦੋ ਸੈਸ਼ਨਾਂ ਤੱਕ ਬੱਲੇਬਾਜ਼ੀ ਕਰਨ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ। ਇਸ ਤੋਂ ਪਹਿਲਾਂ 2018 ਵਿੱਚ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਦੋ ਸੈਸ਼ਨਾਂ ਤੱਕ ਇਕੱਠੇ ਬੱਲੇਬਾਜ਼ੀ ਕੀਤੀ ਸੀ। ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ, ਪੈਟ ਕਮਿੰਸ ਵਰਗੇ ਅਨੁਭਵੀ ਗੇਂਦਬਾਜ਼ ਰਾਹੁਲ ਅਤੇ ਯਸ਼ਸਵੀ ਦੇ ਸਾਹਮਣੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ। ਯਸ਼ਸਵੀ ਨੇ ਆਪਣੀ ਪਾਰੀ ਦੌਰਾਨ 7 ਚੌਕੇ ਅਤੇ 2 ਛੱਕੇ ਲਗਾਏ ਹਨ, ਜਦਕਿ ਰਾਹੁਲ ਨੇ ਸਾਵਧਾਨੀ ਨਾਲ ਖੇਡਦੇ ਹੋਏ 4 ਚੌਕੇ ਲਗਾਏ ਹਨ।