ਜੇਲ੍ਹ ਵਿਚੋਂ ਹੀ ਇਹ ਚੋਣ ਲਣਨਗੇ ਇਮਰਾਨ ਖ਼ਾਨ, ਭਰੇ ਕਾਗ਼ਜ਼
ਰਚੇਗਾ ਨਵਾਂ ਇਤਿਹਾਸ ?
By : Jasman Gill
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਇਮਰਾਨ ਖਾਨ ਇਸ ਸਮੇਂ ਜੇਲ੍ਹ ਵਿੱਚ ਹਨ। ਉਸ 'ਤੇ ਕਈ ਦੋਸ਼ ਹਨ ਅਤੇ ਪਾਕਿਸਤਾਨ ਦੀਆਂ ਅਦਾਲਤਾਂ 'ਚ ਕਈ ਮਾਮਲੇ ਚੱਲ ਰਹੇ ਹਨ। ਇਸ ਸਭ ਦੇ ਵਿਚਕਾਰ ਇਮਰਾਨ ਖਾਨ ਨੇ ਇੱਕ ਵੱਡਾ ਕਦਮ ਚੁੱਕਿਆ ਹੈ।
ਪੀਟੀਆਈ ਦੇ ਸੰਸਥਾਪਕ ਨੇ ਆਕਸਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਲਈ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪੀਟੀਆਈ ਦੇ ਸੀਨੀਅਰ ਨੇਤਾ ਜ਼ੁਲਫੀ ਬੁਖਾਰੀ ਨੇ ਪੁਸ਼ਟੀ ਕੀਤੀ ਕਿ ਇਮਰਾਨ ਖਾਨ ਨੇ 2024 ਵਿੱਚ ਹੋਣ ਵਾਲੀ ਚਾਂਸਲਰ ਚੋਣ ਲਈ ਅਰਜ਼ੀ ਦਾਖਲ ਕਰ ਦਿੱਤੀ ਹੈ। ਬੁਖਾਰੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਿੱਤੀ।
ਆਕਸਫੋਰਡ ਯੂਨੀਵਰਸਿਟੀ ਦੇ ਮੌਜੂਦਾ ਚਾਂਸਲਰ ਕ੍ਰਿਸ ਪੈਟਨ ਨੇ ਅਕਾਦਮਿਕ ਸਾਲ 2023-2024 ਲਈ ਫਰਵਰੀ 2024 ਵਿੱਚ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਨਵੇਂ ਚਾਂਸਲਰ ਦੀ ਚੋਣ ਲਈ ਅਰਜ਼ੀਆਂ ਮੰਗੀਆਂ ਹਨ। ਚਾਂਸਲਰ ਦੀ ਚੋਣ ਕਨਵੋਕੇਸ਼ਨ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ, ਜੋ ਸਾਰੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਇੱਕ ਉਮੀਦਵਾਰ ਨੂੰ ਨਾਮਜ਼ਦ ਕਰਨ ਲਈ ਕਨਵੋਕੇਸ਼ਨ ਦੇ ਦੋ ਮੈਂਬਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਜ਼ਰੂਰੀ ਹੈ ਕਿ ਉਮੀਦਵਾਰ ਦੀਆਂ ਸਮਾਜਿਕ ਸੇਵਾਵਾਂ ਜ਼ਿਕਰਯੋਗ ਹੋਣ।
ਇਮਰਾਨ ਖਾਨ ਦਾ ਆਕਸਫੋਰਡ ਯੂਨੀਵਰਸਿਟੀ ਨਾਲ ਪੁਰਾਣਾ ਅਤੇ ਡੂੰਘਾ ਸਬੰਧ ਹੈ। ਉਸਨੇ 1972 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ 1974 ਵਿੱਚ ਕੇਬਲ ਕਾਲਜ, ਆਕਸਫੋਰਡ ਵਿੱਚ ਦਰਸ਼ਨ, ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਇਸ ਦੇ ਨਾਲ ਹੀ ਉਹ 1974 ਵਿੱਚ ਆਕਸਫੋਰਡ ਕ੍ਰਿਕਟ ਟੀਮ ਦੇ ਕਪਤਾਨ ਵੀ ਸਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਖਾਨ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਲਈ ਉਮੀਦਵਾਰ ਬਣੇ ਹਨ। ਇਸ ਤੋਂ ਪਹਿਲਾਂ ਉਹ 2005 ਤੋਂ 2014 ਤੱਕ ਬ੍ਰੈਡਫੋਰਡ ਯੂਨੀਵਰਸਿਟੀ ਦੇ ਚਾਂਸਲਰ ਸਨ ਪਰ ਉਨ੍ਹਾਂ ਨੇ 2014 ਵਿੱਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਮਰਾਨ ਖਾਨ ਦਾ ਇਹ ਫੈਸਲਾ ਪਾਕਿਸਤਾਨ ਦੀ ਰਾਜਨੀਤੀ ਵਿੱਚ ਇੱਕ ਅਹਿਮ ਮੋੜ ਲਿਆ ਸਕਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਕੀ ਉਸ ਲਈ ਜੇਲ੍ਹ ਦੇ ਤਾਲੇ ਟੁੱਟਣਗੇ ਜਾਂ ਪਾਕਿਸਤਾਨ ਦੀ ਜੇਲ੍ਹ ਤੋਂ ਆਕਸਫੋਰਡ ਯੂਨੀਵਰਸਿਟੀ ਦਾ ਕੰਮ ਸੰਭਾਲਣਾ ਹੋਵੇਗਾ।