ਨਪੁੰਸਕਤਾ ਦੀ ਦਵਾਈ ਪ੍ਰਸ਼ਾਦ ਵਿੱਚ ਮਿਲਾਈ ਜਾ ਰਹੀ ਹੈ ? : ਮੋਹਨ ਜੀ
By : BikramjeetSingh Gill
ਨਵੀਂ ਦਿੱਲੀ : ਇਸ ਸਮੇਂ ਪੂਰੇ ਦੇਸ਼ ਵਿੱਚ ਤਿਰੂਪਤੀ ਬਾਲਾਜੀ ਮੰਦਰ ਦੇ ਲੱਡੂਆਂ ਵਿੱਚ ਮਿਲਾਵਟ ਦਾ ਮੁੱਦਾ ਗਰਮ ਹੈ। ਇਸ ਨੂੰ ਲੈ ਕੇ ਸਾਊਥ ਦੇ ਦੋ ਅਦਾਕਾਰ ਪ੍ਰਕਾਸ਼ ਰਾਜ ਅਤੇ ਪਵਨ ਕਲਿਆਣ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਤਾਮਿਲ ਫਿਲਮ ਨਿਰਦੇਸ਼ਕ ਮੋਹਨ ਜੀ ਨੇ ਤਾਮਿਲਨਾਡੂ ਦੇ ਪਲਾਨੀ ਮੰਦਰ ਦੇ ਚੜ੍ਹਾਵੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਇਸ ’ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਤਿਰੂਪਤੀ ਲੱਡੂ ਵਿਵਾਦ ਦਰਮਿਆਨ ਮੋਹਨ ਪਲਾਨੀ ਮੰਦਰ ਦੇ ਪ੍ਰਸ਼ਾਦ 'ਤੇ ਬਿਆਨ ਦੇ ਕੇ ਮੁਸੀਬਤ 'ਚ ਫਸ ਗਏ ਸਨ। ਇਕ ਯੂ-ਟਿਊਬ ਚੈਨਲ ਨਾਲ ਗੱਲਬਾਤ ਕਰਦੇ ਹੋਏ ਮੋਹਨ ਜੀ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਸੀ ਕਿ ਪਲਾਨੀ ਮੰਦਿਰ 'ਚ ਪਾਏ ਜਾਣ ਵਾਲੇ 'ਪੰਚਾਮ੍ਰਿਤਮ' 'ਚ ਮਰਦਾਂ 'ਚ ਨਪੁੰਸਕਤਾ ਪੈਦਾ ਕਰਨ ਵਾਲੀ ਦਵਾਈ ਮਿਲਾਈ ਗਈ ਸੀ, ਪਰ ਇਹ ਖਬਰ ਸਾਹਮਣੇ ਨਹੀਂ ਆਈ ਅਤੇ ਬਾਅਦ 'ਚ ਇਸ ਨੂੰ ਨਸ਼ਟ ਕਰ ਦਿੱਤਾ ਗਿਆ।
ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਮੋਹਨ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਮੋਹਨ ਜੀ ਦੀ ਗ੍ਰਿਫਤਾਰੀ 'ਤੇ ਸਿਆਸਤ ਤੇਜ਼ ਹੋ ਗਈ ਹੈ। ਇਸ ਬਾਰੇ ਚੇਨਈ ਬੀਜੇਪੀ ਦੇ ਪ੍ਰਧਾਨ ਅਸ਼ਵਥਮਨ ਅਲੀਮੁਥੂ ਨੇ ਮੋਹਨ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਦੇ ਮੰਤਰੀ ਸ਼ੇਖਰ ਬਾਬੂ ਨੇ ਪਲਾਨੀ ਮੰਦਰ ਦੇ ਪੰਚਾਮ੍ਰਿਤਮ ਨੂੰ ਲੈ ਕੇ ਫਰਜ਼ੀ ਖਬਰ ਫੈਲਾਉਣ ਵਾਲੇ ਲੋਕਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ।