Gold ਖਰੀਦਣ ਵਾਲਿਆਂ ਲਈ ਅਹਿਮ ਖ਼ਬਰ: ਹਰ ਗਹਿਣੇ ਦੀ ਹੋਵੇਗੀ ਆਪਣੀ ਵੱਖਰੀ ਪਛਾਣ
ਵਰਤਮਾਨ ਵਿੱਚ ਦੇਸ਼ ਦੇ 400 ਜ਼ਿਲ੍ਹਿਆਂ ਵਿੱਚ ਹਾਲਮਾਰਕ ਯੂਨੀਕ ਆਈਡੀ (HUID) ਸਿਸਟਮ ਲਾਗੂ ਹੈ, ਪਰ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਜੌਹਰੀ ਇੱਕੋ ਨੰਬਰ ਨੂੰ ਕਈ ਗਹਿਣਿਆਂ 'ਤੇ ਵਰਤ ਕੇ ਘੱਟ ਸ਼ੁੱਧਤਾ ਵਾਲਾ ਸੋਨਾ ਵੇਚ ਰਹੇ ਹਨ।

By : Gill
ਸਰਕਾਰ ਹਾਲਮਾਰਕਿੰਗ ਨਿਯਮਾਂ ਨੂੰ ਕਰਨ ਜਾ ਰਹੀ ਹੈ ਹੋਰ ਸਖ਼ਤ
ਨਵੀਂ ਦਿੱਲੀ: ਸੋਨੇ ਦੀ ਸ਼ੁੱਧਤਾ ਵਿੱਚ ਹੋ ਰਹੀ ਹੇਰਾਫੇਰੀ ਅਤੇ ਹਾਲਮਾਰਕ (Hallmark) ਦੀ ਦੁਰਵਰਤੋਂ ਨੂੰ ਰੋਕਣ ਲਈ ਭਾਰਤ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਨਵੇਂ ਪ੍ਰਸਤਾਵਿਤ ਨਿਯਮਾਂ ਅਨੁਸਾਰ, ਹੁਣ ਸੋਨੇ ਦੇ ਹਰ ਇੱਕ ਗਹਿਣੇ ਨੂੰ ਇੱਕ ਯੂਨੀਕ ਆਈਡੀ (Unique ID) ਯਾਨੀ ਵਿਲੱਖਣ ਪਛਾਣ ਨੰਬਰ ਦਿੱਤਾ ਜਾਵੇਗਾ। ਇਹ ਨੰਬਰ ਉਸ ਖ਼ਾਸ ਗਹਿਣੇ ਦੀ ਪਛਾਣ ਹੋਵੇਗਾ ਅਤੇ ਇਸਨੂੰ ਕਿਸੇ ਦੂਜੇ ਟੁਕੜੇ 'ਤੇ ਵਰਤਿਆ ਨਹੀਂ ਜਾ ਸਕੇਗਾ। ਇਸ ਸਿਸਟਮ ਦਾ ਮਕਸਦ ਗਾਹਕਾਂ ਨਾਲ ਹੋ ਰਹੀ ਧੋਖਾਧੜੀ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਸਹੀ ਸ਼ੁੱਧਤਾ ਵਾਲਾ ਸੋਨਾ ਮੁਹੱਈਆ ਕਰਵਾਉਣਾ ਹੈ।
ਵਰਤਮਾਨ ਵਿੱਚ ਦੇਸ਼ ਦੇ 400 ਜ਼ਿਲ੍ਹਿਆਂ ਵਿੱਚ ਹਾਲਮਾਰਕ ਯੂਨੀਕ ਆਈਡੀ (HUID) ਸਿਸਟਮ ਲਾਗੂ ਹੈ, ਪਰ ਸਰਕਾਰ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਜੌਹਰੀ ਇੱਕੋ ਨੰਬਰ ਨੂੰ ਕਈ ਗਹਿਣਿਆਂ 'ਤੇ ਵਰਤ ਕੇ ਘੱਟ ਸ਼ੁੱਧਤਾ ਵਾਲਾ ਸੋਨਾ ਵੇਚ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਨੇ 25 ਜ਼ਿਲ੍ਹਿਆਂ ਵਿੱਚ ਇੱਕ ਪਾਇਲਟ ਪ੍ਰੋਜੈਕਟ (Pilot Project) ਵਜੋਂ ਨਵੀਂ ਪ੍ਰਣਾਲੀ ਦਾ ਸਫਲ ਪਰੀਖਣ ਕੀਤਾ ਹੈ। ਇਸ ਨਵੇਂ ਸਿਸਟਮ ਤਹਿਤ ਹਰ ਹਾਲਮਾਰਕ ਵਾਲੇ ਗਹਿਣੇ ਦੀ ਫੋਟੋ, ਉਸਦਾ ਸਹੀ ਭਾਰ ਅਤੇ ਹੋਰ ਜ਼ਰੂਰੀ ਵੇਰਵੇ ਇੱਕ ਔਨਲਾਈਨ ਪੋਰਟਲ (Online Portal) 'ਤੇ ਦਰਜ ਕੀਤੇ ਜਾਣਗੇ, ਜਿਸ ਨਾਲ ਹੇਰਾਫੇਰੀ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ।
ਗ੍ਰਾਹਕਾਂ ਨੂੰ ਖੁਦ ਵੀ ਸੋਨਾ ਖਰੀਦਦੇ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਗਹਿਣਿਆਂ 'ਤੇ BIS ਦਾ ਤਿਕੋਣੀ ਨਿਸ਼ਾਨ ਅਤੇ ਕੈਰੇਟ (Purity) ਦੀ ਜਾਂਚ ਜ਼ਰੂਰ ਕਰੋ। ਘਰ ਵਿੱਚ ਸ਼ੁੱਧਤਾ ਪਰਖਣ ਲਈ ਤੁਸੀਂ ਚੁੰਬਕ ਟੈਸਟ (Magnet Test) ਕਰ ਸਕਦੇ ਹੋ, ਕਿਉਂਕਿ ਅਸਲੀ ਸੋਨਾ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦਾ। ਇਸ ਤੋਂ ਇਲਾਵਾ ਪਾਣੀ ਦਾ ਟੈਸਟ ਵੀ ਕਾਰਗਰ ਹੈ ਕਿਉਂਕਿ ਸ਼ੁੱਧ ਸੋਨਾ ਪਾਣੀ ਵਿੱਚ ਹਮੇਸ਼ਾ ਡੁੱਬ ਜਾਂਦਾ ਹੈ। ਮਾਹਿਰਾਂ ਅਨੁਸਾਰ ਹਮੇਸ਼ਾ ਨਾਮਵਰ ਸ਼ੋਅਰੂਮ (Reputed Showroom) ਤੋਂ ਹੀ ਸੋਨਾ ਖਰੀਦਣਾ ਚਾਹੀਦਾ ਹੈ ਜੋ ਪੱਕਾ ਬਿੱਲ ਅਤੇ ਹਾਲਮਾਰਕਿੰਗ ਦੇ ਪੂਰੇ ਸਬੂਤ ਪ੍ਰਦਾਨ ਕਰਦੇ ਹਨ।


