''ਜੇਕਰ ਭਾਰਤ ਹਮਲੇ ਰੋਕਦਾ ਹੈ ਤਾਂ ਅਸੀਂ ਜੰਗ ਤੋਂ ਪਿੱਛੇ ਹਟਣ ਲਈ ਤਿਆਰ ਹਾਂ''
ਡਾਰ ਨੇ ਇਹ ਸੁਨੇਹਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਦਿੱਤਾ, ਜਦੋਂ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲ ਕਰਨ ਤੋਂ ਦੋ ਘੰਟੇ ਬਾਅਦ

ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਤਣਾਅ ਘਟਾਉਣ ਲਈ ਨਰਮ ਰੁਖ ਦਿਖਾਉਂਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਆਪਣੇ ਹਮਲੇ ਰੋਕਦਾ ਹੈ, ਤਾਂ ਪਾਕਿਸਤਾਨ ਵੀ ਜੰਗ ਤੋਂ ਪਿੱਛੇ ਹਟਣ ਲਈ ਤਿਆਰ ਹੈ। ਡਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਾਰਤ ਵੱਲੋਂ ਕੋਈ ਨਵਾਂ ਹਮਲਾ ਕੀਤਾ ਜਾਂਦਾ ਹੈ, ਤਾਂ ਪਾਕਿਸਤਾਨ ਵੱਲੋਂ ਜ਼ਰੂਰੀ ਜਵਾਬ ਦਿੱਤਾ ਜਾਵੇਗਾ। "ਅਸੀਂ ਜਵਾਬ ਦਿੱਤਾ ਕਿਉਂਕਿ ਸਾਡਾ ਸਬਰ ਖਤਮ ਹੋ ਗਿਆ ਸੀ। ਜੇਕਰ ਭਾਰਤ ਇੱਥੇ ਰੁਕਦਾ ਹੈ, ਤਾਂ ਅਸੀਂ ਵੀ ਰੁਕਣ ਬਾਰੇ ਵਿਚਾਰ ਕਰ ਸਕਦੇ ਹਾਂ," ਡਾਰ ਨੇ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ।
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਹੋਈ, ਜਿਸ ਵਿੱਚ 26 ਨਿਰਦੋਸ਼ ਲੋਕ ਮਾਰੇ ਗਏ ਸਨ।
ਡਾਰ ਨੇ ਇਹ ਸੁਨੇਹਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਦਿੱਤਾ, ਜਦੋਂ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲ ਕਰਨ ਤੋਂ ਦੋ ਘੰਟੇ ਬਾਅਦ ਉਨ੍ਹਾਂ ਨੂੰ ਫ਼ੋਨ ਕੀਤਾ। ਅਮਰੀਕਾ ਸਮੇਤ ਕਈ ਵਿਦੇਸ਼ੀ ਪੱਖਾਂ ਵੱਲੋਂ ਦੋਵਾਂ ਦੇਸ਼ਾਂ ਨੂੰ ਤਣਾਅ ਘਟਾਉਣ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਭਾਰਤ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਸਦੀ ਕਾਰਵਾਈ ਸਿਰਫ਼ ਅੱਤਵਾਦੀ ਟਿਕਾਣਿਆਂ ਵਿਰੁੱਧ ਸੀ ਅਤੇ ਉਹ ਪਾਕਿਸਤਾਨ ਨਾਲ ਤਣਾਅ ਵਧਾਉਣ ਦਾ ਇਰਾਦਾ ਨਹੀਂ ਰੱਖਦਾ। ਭਾਰਤ ਨੇ ਦੁਨੀਆ ਨੂੰ ਇਹ ਵੀ ਸੰਦੇਸ਼ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਭੜਕਾਊ ਕਾਰਵਾਈ ਹੋਈ ਤਾਂ ਉਸਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।
ਮੌਜੂਦਾ ਹਾਲਾਤਾਂ ਵਿੱਚ, ਦੋਵੇਂ ਪੱਖਾਂ ਵੱਲੋਂ ਜੰਗੀ ਹਾਲਾਤਾਂ ਨੂੰ ਘਟਾਉਣ ਲਈ ਸੰਕੇਤ ਮਿਲ ਰਹੇ ਹਨ, ਪਰ ਫੌਜੀ ਤਣਾਅ ਅਜੇ ਵੀ ਕਾਫ਼ੀ ਉੱਚੇ ਪੱਧਰ 'ਤੇ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਮੱਧਸਥਤਾ ਦੀ ਕੋਸ਼ਿਸ਼ ਜਾਰੀ ਹੈ।