ਗੁਰੂ ਘਰ ਦੀ ਕਮਾਈ ਕਿਸੇ ਲੇਖੇ ਕਿਵੇਂ ਲਾਈਏ ?
ਘਰ ਜਾਣ 'ਤੇ ਅਪਣੇ ਆਪ ਨਾਲ ਵਿਚਾਰ ਕੀਤੀ ਤਾਂ ਮਹਿਸੂਸ ਹੋਇਆ ਕਿ ਐਨੇ ਲੱਖਾਂ ਰੁਪਏ ਗੁਰਦਵਾਰਾ ਸਾਹਿਬ ਲਈ ਆਏ, ਤੁਹਾਡੇ ਵਲੋਂ ਈਮਾਨਦਾਰੀ ਨਾਲ ਲਾਏ ਵੀ।

By : Gill
ਬਿਕਰਮਜੀਤ ਸਿੰਘ
ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਮਿਤੀ 17 ਜੂਨ 2018 ਨੂੰ ਇਕ ਗੁਰਦਵਾਰਾ ਸਾਹਿਬ ਮੋਹਾਲੀ ਵਲੋਂ ਕਰਵਾਏ ਗਏ ਸਮਾਗਮ ਵਿਚ ਸੰਗਤ ਦੇ ਰੂਪ ਵਿਚ ਮੈਂ ਹਾਜ਼ਰ ਸੀ। ਪ੍ਰੋਗਰਾਮ ਦੀ ਸਮਾਪਤੀ ਮਗਰੋਂ ਪ੍ਰਧਾਨ ਵਲੋਂ ਸਟੇਜ ਤੋਂ ਗੁਰਦਵਾਰਾ ਸਾਹਿਬ ਦਾ ਹਿਸਾਬ ਕਿਤਾਬ ਦਸਿਆ ਗਿਆ ਸੀ। ਸਾਰਾ ਕੁਝ ਠੀਕ ਸੀ, ਬਹੁਤ ਵਧੀਆ ਸੀ।
ਘਰ ਜਾਣ 'ਤੇ ਅਪਣੇ ਆਪ ਨਾਲ ਵਿਚਾਰ ਕੀਤੀ ਤਾਂ ਮਹਿਸੂਸ ਹੋਇਆ ਕਿ ਐਨੇ ਲੱਖਾਂ ਰੁਪਏ ਗੁਰਦਵਾਰਾ ਸਾਹਿਬ ਲਈ ਆਏ, ਤੁਹਾਡੇ ਵਲੋਂ ਈਮਾਨਦਾਰੀ ਨਾਲ ਲਾਏ ਵੀ। ਪਰ ਇਸ ਸਾਰੇ ਕਾਸੇ ਵਿਚੋਂ ਹਾਸਲ ਕੀ ਹੋਇਆ ਇਹ ਮੈਨੂੰ ਸਮਝ ਨਹੀਂ ਆਇਆ। ਲੱਖਾਂ ਰੁਪਏ ਸੰਗਤ ਦੇ ਆਏ, ਕੁਝ ਗੁਰਦਵਾਰਾ ਸਾਹਿਬ ਦੀ ਮੁਰੰਮਤ ਲਈ ਵਰਤੇ ਕੁਝ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਲਈ, ਲੰਗਰ ਆਦਿ ਦੇ ਰਾਸ਼ਨ ਲਈ, ਬਿਜਲੀ ਦੇ ਬਿਲਾਂ ਲਈ ਅਤੇ ਹੋਰ ਫੁਟਕਲ ਖ਼ਰਚੇ।
ਪਰ ਪ੍ਰਾਪਤੀ ਕੀ ਹੋਈ ਮੈਨੂੰ ਪਤਾ ਨਹੀਂ ਲੱਗਾ। ਇਸ ਦਾ ਜੁਆਬ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਵਲੋਂ ਮੈਨੂੰ ਇਹ ਸੁਝਿਆ ਕਿ ''ਗੁਰਬਾਣੀ ਦਾ ਪ੍ਰਚਾਰ ਕੀਤਾ ਗਿਆ, ਕਥਾ ਹੋਈ, ਸੰਗਰ ਇਕੱਤਰ ਹੋਈ, ਗੁਰਬਾਣੀ ਕੰਠ ਕਰਵਾਈ, ਸਹਿਜ ਪਾਠ ਕੀਤੇ ਗਏ ਧਾਰਮਕ ਸਮਾਗਮ ਕਰਵਾਏ ਆਦਿ''। ਪਰ ਇਹ ਸਾਰਾ ਕੁਝ ਕੀਤਾ ਗਿਆ ਖ਼ਰਚਾ ਬਥੇਰਾ ਹੋਇਆ ਪਰ ਹਾਸਲ ਕੀ ਹੋਇਆ ?।
ਗੁਰਦਵਾਰਾ ਸਾਹਿਬ ਆ ਕੇ ਕਥਾ ਸੁਣ ਕੇ, ਕੀਰਤਨ ਸੁਣ ਕੇ ਜੇਕਰ ਕਿਸੇ ਦਾ ਜੀਵਨ ਬਦਲ ਗਿਆ ਹੋਵੇਗਾ ਤਾਂ ਇਸ ਚੀਜ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ, ਵਿਖਾਇਆ ਨਹੀਂ ਜਾ ਸਕਦਾ, ਨਤੀਜਾ ਇਹੀ ਕਿ ਕੀ ਹਾਸਲ ਹੋਇਆ, ਦਿਖਦਾ ਨਹੀਂ। ਸਾਡੇ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਬਹੁਤ ਹੋ ਰਿਹਾ ਹੈ ਪਰ ਹਾਲਤ ਦਿਨ ਬਾ ਦਿਨ ਵਿਗੜਦੇ ਹੀ ਜਾ ਰਹੇ ਹਨ, ਪ੍ਰਚਾਰ ਦਾ ਅਸਰ ਕਿਉਂ ਨਹੀਂ ਹੋ ਰਿਹਾ, ਕਮੀ ਕਿਥੇ ਹੈ, ਇਹ ਸਾਨੂੰ ਹੀ ਲੱਭਣਾ ਪਵੇਗਾ।
ਸਵਾਲ ਪੈਦਾ ਹੋ ਰਿਹਾ ਹੈ ਕਿ ਫ਼ਿਰ ਕੀਤਾ ਕੀ ਜਾਵੇ।
ਜੇਕਰ, ਗੁਰਦਵਾਰਾ ਸਾਹਿਬ ਵਿਚ ਆਈ ਲੱਖਾਂ ਦੀ ਰਕਮ ਵਿਚੋਂ ਕਿਸੇ ਗ਼ਰੀਬ ਪਰ ਹੁਸ਼ਿਆਰ ਵਿਦਿਆਰਥੀ ਦੀ ਮਦਦ ਕੀਤੀ ਜਾਵੇ ਉਸ ਨੂੰ ਕੋਚਿੰਗ ਦਵਾਈ ਜਾਵੇ ਕਿਸੇ ਦਾਖ਼ਲੇ ਦੇ ਲਾਇਕ ਬਣਾਇਆ ਜਾਵੇ ਤਾਂ ਜੋ ਉਹ ਕਿਸੇ ਉਚਾਈ ਤਕ ਪਹੁੰਚ ਕੇ ਸਿੱਖ ਕੌਮ ਦਾ ਨਾਂ ਰੌਸ਼ਨ ਕਰੇ, ਉਹ ਬੱਚਾ ਕਾਮਯਾਬ ਹੋ ਕੇ ਅਪਣੇ ਵਰਗੇ ਹੋਰਾਂ ਖ਼ਾਸ ਕਰਕੇ ਸਿੱਖਾਂ ਦੀ ਮਦਦ ਜ਼ਰੂਰ ਕਰੇਗਾ। (ਇਸੇ ਫ਼ਾਰਮੂਲੇ ਕਾਰਨ ਦੁਨੀਆ ਵਿਚ ਯਹੂਦੀ ਘਟ ਗਿਣਤੀ ਹੋਣ ਦੇ ਬਾਵਯੂਦ ਕਾਮਯਾਬ ਹਨ) ਤਾਂ ਫਿਰ ਅਸੀ ਗੁਰਦਵਾਰਾ ਸਾਹਿਬ ਦੀ ਸਟੇਜ ਤੋਂ ਇਹ ਕਹਿ ਸਕਦੇ ਹਾਂ ਕਿ, ਸੰਗਤ ਦੇ ਆਏ ਲੱਖਾਂ ਰੁਪਇਆਂ ਵਿਚੋਂ ਇਕ ਲੋੜਵੰਦ ਸਿੱਖ ਪਰਵਾਰ ਦਾ ਬੱਚਾ ਟਕਾਣੇ ਲੱਗਾ।
ਗੁਰਦਵਾਰਾ ਸਾਹਿਬ ਵਿਚ ਕੀਰਤਨ ਕਥਾ ਜ਼ਰੂਰ ਹੋਵੇ ਸੰਗਤ ਵੀ ਇਕੱਤਰ ਹੋਵੇ ਸਾਰੇ ਰਲ ਕੇ ਲੋੜਵੰਦਾਂ ਦੀ ਮਦਦ ਕਰੀਏ, ਫ਼ੇਰ ਜੋ ਆਨੰਦ ਆਵੇਗਾ ਬਿਆਨ ਨਹੀਂ ਕੀਤਾ ਜਾ ਸਕਦਾ।
ਮਾਫ਼ ਕਰਨਾ ਮੈ ਕਿਸੇ ਨੂੰ ਮੱਤ ਨਹੀਂ ਦੇ ਸਕਦਾ ਕਿਉਂ ਕਿ ਸੱਭ ਆਪ ਸਿਆਣੇ ਹਨ। ਮੇਰੇ ਐਨੀ ਅਕਲ ਤੇ ਔਕਾਤ ਵੀ ਨਹੀਂ ਕਿ ਕੋਈ ਚੰਗੀ ਸਲਾਹ ਦੇ ਸਕਾ। ਬੱਸ ਜੋ ਮਨ ਵਿਚ ਵਿਚਾਰ ਆਇਆ ਦਸ ਦਿਤਾ।
ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ
ਕਿਸੇ ਮਰੀਜ਼ ਦੀ ਮਦਦ ਕੀਤੀ ਜਾਵੇ, ਕਿਸੇ ਇੱਕਲੇ ਰਹਿ ਰਹੇ ਬਜ਼ੁਰਗ ਜੋੜੇ ਦੀ ਮਦਦ ਹੋਵੇ, ਖ਼ਾਸ ਕਰ ਕੇ ਗ਼ਰੀਬ ਸਿੱਖ ਹੁਸ਼ਿਆਰ ਬੱਚੇ ਦੀ। ਬਹੁਤੇ ਗ਼ਰੀਬ ਬੱਚੇ ਪੈਸੇ ਖੁਣੋ ਪੜ੍ਹਾਈ ਛੱਡ ਜਾਂਦੇ ਮੈਂ ਵੇਖੇ ਹਨ।
ਫਿਰ ਅਸੀ ਸਮਾਗਮ ਵਿਚ ਬੜੇ ਮਾਣ ਨਾਲ ਲੋਕਾਂ ਨੂੰ ਕਹਿ ਸਕਦੇ ਹਾਂ ਕਿ ਤੁਹਾਡੇ ਵਲੋਂ ਭੇਂਟ ਕੀਤੀ ਗਈ ਮਾਇਆ ਵਰਤ ਕੇ ਪ੍ਰਬੰਧਕਾਂ ਨੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਸੰਵਾਰਣ ਕੀ ਕੋਸ਼ਿਸ਼ ਕੀਤੀ ਹੈ।


