Begin typing your search above and press return to search.

ਜਿਸ ਕੋਲ ਪ੍ਰਭੂ ਨਾਮ ਦੀ ਪੂੰਜੀ ਨਹੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ

ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ। ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ।

ਜਿਸ ਕੋਲ ਪ੍ਰਭੂ ਨਾਮ ਦੀ ਪੂੰਜੀ ਨਹੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ
X

GillBy : Gill

  |  12 Jun 2025 6:14 PM IST

  • whatsapp
  • Telegram

ਸਿਰੀਰਾਗੁ ਮਹਲਾ ੧ ॥ ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥ ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥ {ਪੰਨਾ 23}

ਪਦ ਅਰਥ: ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ। ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ। ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ) । ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ।1।

ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ।1। ਰਹਾਉ।

ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ। ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ।

ਖੋਟੇ = ਖੋਟੇ (ਸਿੱਕੇ) । ਪੋਤੈ = ਖ਼ਜ਼ਾਨੇ ਵਿਚ। ਗੁਰ ਦਰਸੁ = ਗੁਰੂ ਦਾ ਦਰਸ। ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ। ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ।3।

ਸਬਦਿ ਸਾਲਾਹ = ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ। ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ 'ਸਾਲਾਹ', 'ਤਿਨਾਹ' ਦੇ ਨਾਲ ਰਲਾਣ ਲਈ 'ਮਾਹਿ' ਦੇ ਥਾਂ 'ਮਾਹ' ਹੈ}।4।

ਅਰਥ: ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ।1।

ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ।1। ਰਹਾਉ।

ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ) । ਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ।2।

ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ।3।

ਹੇ ਨਾਨਕ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ। ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ।4। 23।

Next Story
ਤਾਜ਼ਾ ਖਬਰਾਂ
Share it