ਹਰਿਆਣਾ ਚੋਣਾਂ: ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਇੱਕ ਹੋਰ ਸੂਚੀ
11 ਉਮੀਦਵਾਰਾਂ ਦੇ ਨਾਮ
By : BikramjeetSingh Gill
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਰ ਰਾਤ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਨੇ ਤੀਜੀ ਸੂਚੀ 'ਚ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਮੰਗਲਵਾਰ ਸਵੇਰੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਤੀਜੀ ਸੂਚੀ ਤੋਂ ਬਾਅਦ ਹੁਣ ਤੱਕ 'ਆਪ' ਕੁੱਲ 40 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਅੱਜ ਭਾਜਪਾ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਤੀਸ਼ ਯਾਦਵ ਨੂੰ ਰੇਵਾੜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਤੋਂ ਆਏ ਸੁਨੀਲ ਰਾਓ ਨੂੰ ਅਟੇਲੀ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਤੋਂ ਅੱਜ ‘ਆਪ’ ਵਿੱਚ ਸ਼ਾਮਲ ਹੋਏ ਭੀਮ ਸਿੰਘ ਰਾਠੀ ਨੂੰ ਰਾਦੌਰ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਆਪਣੀ ਤੀਜੀ ਸੂਚੀ ਵਿੱਚ ‘ਆਪ’ ਨੇ ਗੜ੍ਹੀ ਸਾਂਪਲਾ-ਕਿਲੋਈ ਹਲਕੇ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੂਪੇਂਦਰ ਸਿੰਘ ਹੁੱਡਾ ਖ਼ਿਲਾਫ਼ ਪ੍ਰਵੀਨ ਗੁਸਖਾਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਸੂਚੀ ਵਿੱਚ ਸ਼ਾਮਲ ਹੋਰ ਆਗੂਆਂ ਵਿੱਚ ਨੀਲੋਖੇੜੀ ਤੋਂ ਅਮਰ ਸਿੰਘ, ਇਸਰਾਣਾ ਤੋਂ ਅਮਿਤ ਕੁਮਾਰ, ਰਾਏ ਤੋਂ ਰਾਜੇਸ਼ ਸਰੋਹਾ, ਖਰਖੌਦਾ ਤੋਂ ਮਨਜੀਤ ਫਰਮਾਣਾ, ਕਲਾਨੌਰ ਤੋਂ ਨਰੇਸ਼ ਬਾਗੜੀ, ਝੱਜਰ ਤੋਂ ਮਹਿੰਦਰ ਦਹੀਆ ਅਤੇ ਹਥੀਨ ਤੋਂ ਰਾਜਿੰਦਰ ਰਾਵਤ ਸ਼ਾਮਲ ਹਨ।
ਦੂਜੀ ਸੂਚੀ ਵਿੱਚ ਰੀਟਾ ਬਾਮਨੀਆ ਨੂੰ ਸਢੌਰਾ ਤੋਂ, ਕਿਸ਼ਨ ਬਜਾਜ ਨੂੰ ਥਾਨੇਸਰ ਤੋਂ ਅਤੇ ਹਵਾ ਸਿੰਘ ਨੂੰ ਇੰਦਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ, ਆਦਮਪੁਰ ਤੋਂ ਭੁਪਿੰਦਰ ਬੈਨੀਵਾਲ ਅਤੇ ਬਰਵਾਲਾ ਤੋਂ ਛਤਰਪਾਲ ਸਿੰਘ ਨੂੰ ਟਿਕਟਾਂ ਦਿੱਤੀਆਂ ਹਨ। ਸੂਚੀ ਮੁਤਾਬਕ ਜਵਾਹਰ ਲਾਲ ਬਾਵਲ ਤੋਂ, ਪ੍ਰਵੇਸ਼ ਮਹਿਤਾ ਫਰੀਦਾਬਾਦ ਤੋਂ ਅਤੇ ਅਬਾਸ਼ ਚੰਦੇਲਾ ਤਿਗਾਂਵ ਤੋਂ ਚੋਣ ਲੜਨਗੇ।
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 12 ਸਤੰਬਰ ਹੈ। 90 ਮੈਂਬਰੀ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ।