ਕੈਨੇਡਾ ‘ਚ ਕੈਬਨਿਟ ਮੰਤਰੀ ਬਣੀ ਰੂਬੀ ਸਹੋਤਾ ਦੇ ਜੱਦੀ ਪਿੰਡ ‘ਚ ਖੁਸ਼ੀ ਦਾ ਮਾਹੌਲ
By : Sandeep Kaur
ਅਹਿਮਦਗੜ੍ਹ (ਰਵਿੰਦਰ ਪੁਰੀ):-ਬਰੈਂਪਟਨ ਨੌਰਥ ਤੋਂ ਲਗਾਤਾਰ ਤੀਸਰੀ ਵਾਰ ਚੋਣ ਜਿੱਤ ਕੇ ਐਮ.ਪੀ. ਬਣੀ ਰੂਬੀ ਸਹੋਤਾ ਨੂੰ ਬੀਤੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਸ਼ਾਮਿਲ ਕੀਤਾ ਜਿਸ ਤੇ ਕੈਨੇਡਾ ਤੋਂ ਇਲਾਵਾ ਰੂਬੀ ਸਹੋਤਾ ਦੇ ਜੱਦੀ ਪਿੰਡ ਜੰਡਾਲੀ ਕਲਾਂ ਜਿਲ੍ਹਾ ਮਲੇਰਕੋਟਲਾ ਵਿਖੇ ਨਗਰ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਲੱਡੂ ਵੰਡੇ। ਪਹਿਲੀ ਵਾਰ ਕੈਬਨਿਟ ਮੰਤਰੀ ਬਣੀ ਰੂਬੀ ਸਹੋਤਾ ਨੂੰ ਜਮਹੂਰੀ ਸੰਸਥਾਵਾਂ ਤੇ ਆਰਥਿਕ ਡਿਵੈਲਪਮੈਂਟ ਦਾ (ਦੱਖਣੀ ਉਨਟਾਰੀਓ) ਮਹਿਕਮੇ ਦੀ ਜਿੰਮੇਵਾਰੀ ਸੋਂਪੀ ਗਈ ਹੈ।
ਪਿੰਡ ਦੇ ਪਤਵੰਤੇ ਸੱਜਣਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪੰਜਾਬ ਦੀ ਇਸ ਹੋਣਹਾਰ ਧੀ ਨੂੰ ਵਧਾਈ ਸੰਦੇਸ਼ ਭੇਜੇ ਹਨ।ਜੰਡਾਲੀ ਕਲਾਂ ਦੀ ਸਰਪੰਚ ਬਲਜੀਤ ਕੌਰ, ਬਾਬਾ ਜੰਡਾਲੀ ਸਾਬਕਾ ਸਰਪੰਚ, ਅਬਨਿੰਦਰ ਸਿੰਘ ਬੱਬਲੂ, ਰਾਜਿੰਦਰ ਸਿੰਘ ਬਾਠ, ਦਰਸ਼ਨ ਸਿੰਘ ਪੰਧੇਰ, ਸੁਖਰਾਜ ਸਿੰਘ ਲੇਲ, ਸਰਪੰਚ ਸੋਨੀ ਜੰਡਾਲੀ ਖੁਰਦ ਆਦਿ ਨੇ ਵਧਾਈ ਭੇਜੀ ਹੈ।ਬੀਬੀ ਰੂਬੀ ਸਹੋਤਾ ਦੇ ਪਿਤਾ ਸ੍ਰ: ਹਰਬੰਸ ਸਿੰਘ ਜੰਡਾਲੀ ਕਈ ਸਾਲ ਪਿੰਡ ਦੇ ਸਰਪੰਚ ਰਹੇ ਹਨ ਤੇ ਕੈਨੇਡਾ ਆਉਣ ਤੋਂ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਦੇ ਪ੍ਰਬੰਧਕਾਂ ‘ਚ ਸੇਵਾ ਨਿਭਾਈ ਅਤੇ ਉਹ ਉਨਟਾਰੀਓ ਸਿੱਖਜ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ।
ਰੂਬੀ ਸਹੋਤਾ ਪਾਰਟੀਮੈਂਟ ‘ਚ ਪਾਰਟੀ ਦੇ ਵਿਪ ਰਹੇ ਹਨ ਤੇ ਇਸ ਤੋਂ ਇਲਾਵਾ ਉਹ ਪਾਰਟੀ ‘ਚ ਕਈ ਉਚ ਅਹੁਦਿਆਂ ਤੇ ਰਹੇ ਹਨ। ਪਿਛਲੇ ਸਮੇਂ ਦੌਰਾਨ ਉਹ ਆਪਣੇ ਜੱਦੀ ਪਿੰਡ ਜੰਡਾਲੀ ਕਲਾਂ ਗਏ ਸੀ ਤੇ ਉਹ ਅਹਿਮਦਗੜ੍ਹ ਸਥਿਤ ਵਿਸ਼ੇਸ਼ ਸੱਦੇ ਤੇ ਗਾਂਧੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਮਾਗਮ ਦੌਰਾਨ ਸ਼ਾਮਿਲ ਹੋਏ ਤੇ ਜਿਥੇ ਉਨ੍ਹਾਂ ਸਟਾਰ ‘ਡਾਟਰ ਆਫ ਪੰਜਾਬ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸਟੇਟ ਐਵਾਰਡੀ ਸੰਸਥਾ ਸੋਸ਼ਲ ਵੈਲ ਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਡਾਕਟਰ ਸੁਨੀਤ ਹਿੰਦ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਅਵਤਾਰ ਸਿੰਘ ਜੱਸਲ, ਤ੍ਰਿਲੋਚਨ ਚੋਪੜਾ ਪ੍ਰਧਾਨ ਵਿਸ਼ਕਰਮਾ ਮੰਦਿਰ ਕਮੇਟੀ, ਕੌਂਸਲਰ ਕਮਲਜੀਤ ਸਿੰਘ ਉਭੀ ਨੇ ਇਸ ਨਿਯੁਕਤੀ ਦਾ ਸੁਆਗਤ ਕੀਤਾ।
ਬੀਤੇ ਸ਼ੁੱਕਰਵਾਰ ਔਟਵਾ ਵਿਖੇ ਸਹੁੰ ਚੁੱਕ ਸਮਾਗਮ ਗਵਰਨਰ ਹਾਊਸ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੂਬੀ ਸਹੋਤਾ ਸਮੇਤ ਕਈ ਹੋਰਨਾਂ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਇਸ ਮੌਕੇ ਤੇ ਮਾਣਯੋਗ ਗਵਰਨਰ ਵਲੋਂ ਸਹੁੰ ਚੁਕਾਏ ਜਾਣ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਚੇਚੇ ਤੌਰ ਤੇ ਸ਼ਾਮਿਲ ਸਨ।ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਰੂਬੀ ਸਹੋਤਾ ਨਾਲ ਉਨ੍ਹਾਂ ਦਾ ਇਕਲੌਤਾ ਬੇਟਾ ਨਿਹਾਲ ਸਹੋਤਾ, ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਜੰਡਾਲੀ ਤੇ ਮਾਤਾ ਸੁਰਿੰਦਰ ਕੌਰ, ਫਾਦਰ ਇਨ ਲਾਅ ਕੁਲਦੀਪ ਸਿੰਘ ਸਹੋਤਾ ਤੇ ਮਦਰ ਇਨ ਲਾਅ ਪੈਮ ਸਹੋਤਾ ਵਿਸ਼ੇਸ਼ ਤੌਰ ਤੇ ਸਹੁੰ ਚੁੱਕ ਸਮਾਗਮ ਵਿਚ ਬਰੈਂਪਟਨ ਤੋਂ ਔਟਵਾ ਪਹੁੰਚੇ ਸਨ। ਰੂਬੀ ਸਹੋਤਾ ਦੀ ਰਾਈਡਿੰਗ ਦੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਖੁਸ਼ੀ ਮਨਾਈ ਹੈ ਕਿ ਉਨ੍ਹਾਂ ਦੀ ਇਸ ਰਾਈਡਿੰਗ ਤੋਂ ਕੋਈ ਪਹਿਲੀ ਵਾਰ ਕੈਬਨਿਟ ਮੰਤਰੀ ਬਣਿਆ ਹੈ।