New Zealand ਵਿੱਚ ਪੰਜਾਬੀਆਂ ਵਿਰੁੱਧ ਵਧ ਰਹੀ ਨਫ਼ਰਤ: ਪੁਲਿਸ ਭਰਤੀ ਦਾ ਵਿਰੋਧ
"ਕੀਵੀ ਬਣੋ ਜਾਂ ਦੇਸ਼ ਛੱਡੋ" ਦੇ ਨਾਅਰੇ

By : Gill
ਔਕਲੈਂਡ/ਜਲੰਧਰ, 31 ਜਨਵਰੀ (2026): ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਗਰ ਕੀਰਤਨਾਂ ਨੂੰ ਰੋਕੇ ਜਾਣ ਤੋਂ ਬਾਅਦ ਹੁਣ ਸਥਾਨਕ ਲੋਕਾਂ ਨੇ ਨਿਊਜ਼ੀਲੈਂਡ ਪੁਲਿਸ ਵਿੱਚ ਪੰਜਾਬੀਆਂ ਦੀ ਭਰਤੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਮੈਨੂਕਾਊ ਪੁਲਿਸ ਸਟੇਸ਼ਨ ਵਿਖੇ ਆਯੋਜਿਤ ਇੱਕ ਭਰਤੀ ਸੈਮੀਨਾਰ ਦੌਰਾਨ ਬ੍ਰਾਇਨ ਤਾਮਾਕੀ ਅਤੇ ਉਨ੍ਹਾਂ ਦੀ ਸੰਸਥਾ 'ਫ੍ਰੀਡਮ ਐਂਡ ਰਾਈਟਸ ਕੋਲੀਸ਼ਨ' ਨੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ।
ਵਿਵਾਦ ਦੀ ਜੜ੍ਹ: ਦੋ ਪੰਜਾਬੀ ਕਾਂਸਟੇਬਲਾਂ ਦਾ ਵੀਡੀਓ
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨਿਊਜ਼ੀਲੈਂਡ ਪੁਲਿਸ ਦੇ ਦੋ ਪੰਜਾਬੀ ਕਾਂਸਟੇਬਲਾਂ, ਮਨਪ੍ਰੀਤ ਸਿੰਘ ਰੋਮਾਣਾ ਅਤੇ ਗੁਲਾਬ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬੀ ਨੌਜਵਾਨਾਂ ਨੂੰ ਪੁਲਿਸ ਫੋਰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਪੀ.ਆਰ. (PR) ਦੀ ਵੀ ਲੋੜ ਨਹੀਂ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਥਾਨਕ ਸੱਜੇ-ਪੱਖੀ ਸਮੂਹ ਭੜਕ ਗਏ।
ਵਿਰੋਧੀਆਂ ਦਾ ਤਰਕ: "ਸੁਰੱਖਿਆ ਨੂੰ ਖ਼ਤਰਾ"
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਰਗੀ ਗੁਪਤ ਫੋਰਸ ਵਿੱਚ ਸਿਰਫ਼ ਨਿਊਜ਼ੀਲੈਂਡ ਦੇ ਨਾਗਰਿਕ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਡਰ ਹੈ ਕਿ ਪ੍ਰਵਾਸੀਆਂ ਦੀ ਭਰਤੀ ਨਾਲ ਦੇਸ਼ ਦੀ ਗੁਪਤ ਜਾਣਕਾਰੀ ਦੂਜੇ ਦੇਸ਼ਾਂ ਤੱਕ ਪਹੁੰਚ ਸਕਦੀ ਹੈ। ਪ੍ਰਦਰਸ਼ਨਕਾਰੀਆਂ ਨੇ ਹਾਰਬਰ ਬ੍ਰਿਜ ਹੇਠਾਂ ਇਕੱਠੇ ਹੋ ਕੇ ਨਾਅਰੇ ਲਗਾਏ, "ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਰਹਿਣ ਦਿਓ, ਸਾਡੀ ਜੀਵਨ ਸ਼ੈਲੀ ਵਿੱਚ ਸਮਾ ਜਾਓ ਜਾਂ ਦੇਸ਼ ਛੱਡ ਦਿਓ।"
ਵਿਰੋਧ ਦੇ ਮੁੱਖ ਕਾਰਨ
1. FTA ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ: ਲੋਕਾਂ ਦਾ ਮੰਨਣਾ ਹੈ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤਾ (FTA) ਅਸਲ ਵਿੱਚ 5,000 ਭਾਰਤੀ ਪੇਸ਼ੇਵਰਾਂ ਨੂੰ ਲਿਆਉਣ ਦਾ ਇੱਕ ਚੋਰ ਰਸਤਾ ਹੈ, ਜਿਸ ਨਾਲ ਕੀਵੀਆਂ ਦੇ ਰੁਜ਼ਗਾਰ ਨੂੰ ਖ਼ਤਰਾ ਪੈਦਾ ਹੋਵੇਗਾ।
2. ਡੇਅਰੀ ਸੈਕਟਰ 'ਤੇ ਕਬਜ਼ਾ: ਕੀਵੀ ਲੋਕਾਂ ਨੂੰ ਡਰ ਹੈ ਕਿ ਪਸ਼ੂ ਪਾਲਣ ਵਿੱਚ ਮਾਹਿਰ ਪੰਜਾਬੀ ਉਨ੍ਹਾਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ 'ਡੇਅਰੀ ਖੇਤਰ' 'ਤੇ ਕਬਜ਼ਾ ਕਰ ਲੈਣਗੇ। ਉਹ ਸਵਾਲ ਉਠਾ ਰਹੇ ਹਨ ਕਿ ਜੇਕਰ ਭਾਰਤ ਆਪਣੇ ਬਾਜ਼ਾਰ ਵਿੱਚ ਕੀਵੀ ਕਿਸਾਨਾਂ ਨੂੰ ਜਗ੍ਹਾ ਨਹੀਂ ਦੇ ਰਿਹਾ, ਤਾਂ ਨਿਊਜ਼ੀਲੈਂਡ ਆਪਣਾ ਬਾਜ਼ਾਰ ਕਿਉਂ ਖੋਲ੍ਹੇ?
3. ਘਰਾਂ ਦੀਆਂ ਵਧਦੀਆਂ ਕੀਮਤਾਂ: ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀਆਂ ਵੱਲੋਂ ਵੱਡੀ ਗਿਣਤੀ ਵਿੱਚ ਘਰ ਖਰੀਦਣ ਕਾਰਨ ਸਥਾਨਕ ਲੋਕਾਂ ਲਈ ਜਾਇਦਾਦ ਮਹਿੰਗੀ ਹੋ ਗਈ ਹੈ ਅਤੇ ਔਸਤ ਕੀਵੀ ਲਈ ਘਰ ਖਰੀਦਣਾ ਮੁਸ਼ਕਲ ਹੋ ਰਿਹਾ ਹੈ।
4. ਸੱਭਿਆਚਾਰਕ ਪਛਾਣ ਨੂੰ ਖ਼ਤਰਾ: ਸਥਾਨਕ ਸਮੂਹਾਂ ਅਨੁਸਾਰ ਗੁਰਦੁਆਰੇ, ਮੰਦਰ ਅਤੇ ਸੜਕਾਂ 'ਤੇ ਨਿਕਲਣ ਵਾਲੇ ਧਾਰਮਿਕ ਜਲੂਸ ਨਿਊਜ਼ੀਲੈਂਡ ਦੀ ਮੂਲ ਸੱਭਿਆਚਾਰਕ ਪਛਾਣ ਲਈ ਖ਼ਤਰਾ ਹਨ।
5. ਨੌਕਰੀਆਂ ਦਾ ਸੰਕਟ: ਵਿਰੋਧੀ ਧਿਰ ਵੱਲੋਂ ਭੜਕਾਇਆ ਜਾ ਰਿਹਾ ਹੈ ਕਿ ਸਰਕਾਰ ਨੂੰ ਬਾਹਰੀ ਲੋਕਾਂ ਦੀ ਭਰਤੀ ਕਰਨ ਦੀ ਬਜਾਏ ਆਪਣੇ ਨਾਗਰਿਕਾਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ, ਕਿਉਂਕਿ ਭਾਰਤੀ ਪੇਸ਼ੇਵਰ ਹਰ ਜਗ੍ਹਾ ਕੰਮ ਕਰਦੇ ਪਾਏ ਜਾਂਦੇ ਹਨ।
ਸਿੱਖ ਭਾਈਚਾਰੇ 'ਤੇ ਅਸਰ
ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਸਿੱਖ ਨਗਰ ਕੀਰਤਨਾਂ ਨੂੰ ਦੋ ਵਾਰ ਰੋਕਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਵਿੱਚ ਰੱਖਿਆ ਹੈ, ਪਰ ਬ੍ਰਾਇਨ ਤਾਮਾਕੀ ਵਰਗੇ ਆਗੂ ਲਗਾਤਾਰ ਭਾਰਤੀ ਪ੍ਰਵਾਸੀਆਂ ਖ਼ਿਲਾਫ਼ ਮਾਹੌਲ ਗਰਮਾ ਰਹੇ ਹਨ।


