Giani Harpreet Singh ਦਾ ਵੱਡਾ ਸਿਆਸੀ ਧਮਾਕਾ: ਅਸਤੀਫ਼ਾ ਦੇਣ ਨੂੰ ਤਿਆਰ
ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ (MGNREGA) ਸਕੀਮ ਵਿੱਚ ਕੀਤੇ ਬਦਲਾਅ ਨੂੰ 'ਮਜ਼ਦੂਰ ਮਾਰੂ' ਕਰਾਰ ਦਿੱਤਾ। ਉਨ੍ਹਾਂ ਕਿਹਾ:

By : Gill
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਇੱਕ ਅਹਿਮ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਅਕਾਲੀ ਦਲ (ਬਾਦਲ) 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਨੇ ਪੰਥਕ ਏਕਤਾ ਲਈ ਇੱਕ ਵੱਡੀ ਪੇਸ਼ਕਸ਼ ਕਰਦਿਆਂ ਅਕਾਲੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਪੰਥਕ ਏਕਤਾ ਲਈ ਅਹੁਦਾ ਤਿਆਗਣ ਦੀ ਪੇਸ਼ਕਸ਼
ਪੰਥਕ ਏਕਤਾ ਦੇ ਸਵਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸਿੱਧੀ ਚੁਣੌਤੀ ਦਿੱਤੀ। ਉਨ੍ਹਾਂ ਐਲਾਨ ਕੀਤਾ, "ਜੇਕਰ ਸੁਖਬੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡ ਦੇਣ, ਤਾਂ ਮੈਂ ਵੀ ਤੁਰੰਤ ਆਪਣਾ ਅਹੁਦਾ ਛੱਡਣ ਲਈ ਤਿਆਰ ਹਾਂ।" ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ (ਬਾਦਲ) ਦਾ ਆਈ.ਟੀ. ਵਿੰਗ ਉਨ੍ਹਾਂ ਦੇ ਖਿਲਾਫ਼ ਅਫਵਾਹਾਂ ਫੈਲਾ ਰਿਹਾ ਹੈ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਸਾਰੇ ਆਗੂ ਅਹੁਦਿਆਂ ਦਾ ਲਾਲਚ ਤਿਆਗ ਦੇਣ ਤਾਂ ਏਕਤਾ ਅੱਜ ਵੀ ਸੰਭਵ ਹੈ।
ਮਨਰੇਗਾ ਅਤੇ ਕੇਂਦਰੀ ਨੀਤੀਆਂ 'ਤੇ ਨਿਸ਼ਾਨਾ
ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ (MGNREGA) ਸਕੀਮ ਵਿੱਚ ਕੀਤੇ ਬਦਲਾਅ ਨੂੰ 'ਮਜ਼ਦੂਰ ਮਾਰੂ' ਕਰਾਰ ਦਿੱਤਾ। ਉਨ੍ਹਾਂ ਕਿਹਾ ਕੇਂਦਰ ਨੇ ਨਵੇਂ ਨਿਯਮਾਂ ਰਾਹੀਂ ਗਰੀਬ ਮਜ਼ਦੂਰਾਂ ਦੇ ਚੁਲ੍ਹਿਆਂ 'ਤੇ ਠੰਡਾ ਪਾਣੀ ਪਾਉਣ ਦਾ ਕੰਮ ਕੀਤਾ ਹੈ।
ਬਿਜਲੀ ਸੋਧ ਬਿੱਲ ਅਤੇ ਲੈਂਡ ਪੂਲਿੰਗ ਐਕਟ ਵਰਗੇ ਫੈਸਲੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਪਰ ਪੰਜਾਬ ਸਰਕਾਰ ਇਸ ਮੁੱਦੇ 'ਤੇ ਚੁੱਪ ਹੈ।
ਉਨ੍ਹਾਂ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਚੁੱਕਿਆ।
ਪਾਵਨ ਸਰੂਪਾਂ ਦਾ ਮਾਮਲਾ ਅਤੇ SGPC ਦੀ ਭੂਮਿਕਾ
ਸਤਿੰਦਰ ਸਿੰਘ ਕੋਹਲੀ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਹਲੀ ਪਾਵਨ ਸਰੂਪਾਂ ਦੀ ਚੈਕਿੰਗ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਮੇਟੀ ਕੋਹਲੀ ਨੂੰ ਬਚਾਉਣਾ ਚਾਹੁੰਦੀ ਸੀ, ਜਿਸ ਕਾਰਨ ਜਾਂਚ ਤੋਂ ਯੂ-ਟਰਨ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਮੁੱਢ ਬਾਦਲ ਸਰਕਾਰ ਵੇਲੇ ਹੀ ਬੱਝ ਗਿਆ ਸੀ।
ਪਾਰਟੀ ਦਾ ਭਵਿੱਖੀ ਪ੍ਰੋਗਰਾਮ
ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ ਅਤੇ ਅਗਲੇ 10 ਦਿਨਾਂ ਵਿੱਚ ਪਾਰਟੀ ਰਜਿਸਟਰਡ ਹੋ ਜਾਵੇਗੀ।
ਜਲਦੀ ਹੀ ਪਾਰਟੀ ਦੀ ਪੋਲੀਟੀਕਲ ਅਫੇਅਰਜ਼ ਕਮੇਟੀ (PAC) ਦਾ ਗਠਨ ਕੀਤਾ ਜਾਵੇਗਾ।
ਆਉਣ ਵਾਲੇ ਦਿਨਾਂ ਵਿੱਚ ਪਾਰਟੀ ਪੰਜਾਬ ਅਤੇ ਪੰਥ ਦੇ ਭਖਦੇ ਮਸਲਿਆਂ ਨੂੰ ਲੈ ਕੇ ਪਿੰਡ-ਪਿੰਡ ਜਾ ਕੇ ਵੱਡਾ ਸੰਘਰਸ਼ ਸ਼ੁਰੂ ਕਰੇਗੀ।


