ਹੜ੍ਹ ਦੇ ਪਾਣੀ ਵਿੱਚ ਖੜਾ ਦੋਸਤ
ਮੈਂ ਤੇਰੇ ਨਾਲ ਬਚਪਨ ਵਿੱਚ ਖੇਡਿਆ ਸਾਂ

By : Gill
ਰਘਵੀਰ ਸਿੰਘ ਟੇਰਕਿਆਨਾ
ਹੜ੍ਹ ਦੇ ਪਾਣੀ ਵਿੱਚ ਖੜਾ ਦੋਸਤ
ਮੇਰੇ ਬਹੁਤ ਪੁਰਾਣੇ ਦੋਸਤ
ਤੂੰ ਮੈਨੂੰ ਭੁੱਲ ਗਿਆ ਹੋਵੇਗਾ
ਮੈਂ ਤੇਰੇ ਨਾਲ ਬਚਪਨ ਵਿੱਚ ਖੇਡਿਆ ਸਾਂ
ਪ੍ਰਾਇਮਰੀ ਸਕੂਲ ਵਿੱਚ ਪੜ੍ਹਿਆ ਸਾਂ
ਫਿਰ ਕਾਲਜ ਦੀਆਂ ਸਟੇਜਾਂ ਉੱਤੇ ਵੀ
ਮੇਰਾ ਤੇਰੇ ਨਾਲ ਵਾਹ ਪੈਂਦਾ ਰਿਹਾ
ਤੇਰੀ ਆਸ਼ਕੀ ਦਾ ਵੀ ਪਤਾ ਮੈਨੂੰ
ਤੇ ਤਲਵਾਰ ਦੀ ਧਾਰ ਉੱਤੇ ਤੁਰਨ ਵਾਲੇ
ਤੇਰੇ ਜੋਖਮ ਭਰੇ ਇਰਾਦੇ ਦਾ ਵੀ
ਬੜੇ ਸੁਪਨੇ ਤੇ ਅਰਮਾਨ ਸਨ
ਜੋ ਕੱਚ ਦੇ ਗਜਰਿਆਂ ਵਾਂਗ ਟੁੱਟਦੇ ਰਹੇ
ਫਿਰ ਆਪਾਂ ਨੌਕਰੀ ਦੀ ਤਲਾਸ਼ ਵਿੱਚ ਭਟਕ ਗਏ
ਆਪਸ ਵਿੱਚ ਹੀ ਵਿੱਛੜ ਗਏ
ਰੋਜ਼ੀ ਰੋਟੀ ਦੀ ਤਲਾਸ਼ ਵਿੱਚ
ਮੈਂ ਵੀ ਕਿਤੇ ਦੂਰ ਚਲਾ ਗਿਆਂ
ਸਮੁੰਦਰਾਂ ਤੋ ਪਾਰ
ਕਈ ਸਾਲ ਤੇ ਦਹਾਕੇ ਬੀਤ ਚੁੱਕੇ ਹਨ
ਮੁੜ ਮਿਲ ਵੀ ਨਾ ਹੋਇਆ
ਮੇਰੇ ਦੋਸਤ
ਮੈਂ ਆਪਣੇ ਘਰੋਂ ਤੇਰਾ ਸਿਰਨਾਵਾਂ
ਪੁਰਾਣੇ ਕਾਗਜ਼ਾਂ ‘ਚੋਂ ਲੱਭ ਕੇ ਤੁਰਿਆਂ
ਤੇ ਕਈ ਸਾਲਾਂ ਬਾਅਦ ਤੇਰਾ ਪਤਾ ਕਰਨ ਆਇਆ ਹਾਂ
ਪਰ ਤੇਰਾ ਇਲਾਕਾ ਤਾਂ ਪਾਣੀ ਵਿਚ ਡੁੱਬਿਆ ਪਿਆ
ਤੇਰਾ ਘਰ ,ਡੰਗਰ -ਵੱਛੇ
ਤੇ ਘਰ ਦੇ ਜੀਅ ਵੀ ਨਹੀ ਦਿਸਦੇ !
ਕਿੱਥੇ ਚਲੇ ਗਏ ਹੋ ਤੁਸੀਂ ਸੱਭ ?
ਖੁਦ ਦੌੜ ਗਏ ਜਾਂ ਹੜ੍ਹਾਂ ਨੇ ਡਰਾ ਦਿੱਤੇ ?
ਕਿੱਥੇ ਪਨਾਹ ਲਈ ਹੈ ਤੁਸੀ ?
ਕਿਹੜਾ ਹੈਲੀਕਾਪਟਰ ਚੁੱਕ ਕੇ ਲੈ ਗਿਆ ਤੁਹਾਨੂੰ ?
ਮੇਰੇ ਦੋਸਤ
ਤੁਹਾਡੇ ਘਰ ਨਾ ਬੇਰੀ ਹੈ
ਨਾ ਜਾਮਣ ਦਾ ਰੁੱਖ !!
ਉਹ ਕਿਉਂ ਵੱਢ ਸੁੱਟੇ ?
ਉਹ ਰੁੱਖ ਤਾਂ ਵਿਹੜੇ ਦੀ ਸ਼ਾਨ ਸਨ !
ਕਿੱਥੇ ਹੈ ਰੁੱਖ ਦੀ ਛਾਂ ਵਰਗੀ ਮਾਂ ?
ਮੈਨੂੰ ਯਾਦ ਹੈ ਤੁਹਾਡੇ ਵਿਹੜੇ ਖੜੀ ਬੇਰੀ
ਬੇਰ ਖਾਣ ਵਾਲਿਆਂ ਨੂੰ
ਕਿੱਸੇ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਸੀ
ਤੁਹਾਡਾ ਵਿਹੜਾ ਜਾਮਣਾਂ ਖਾਣ ਵਾਲਿਆਂ ਲਈ ਵਿਸ਼ੇਸ਼ ਥਾਂ ਸੀ
ਕਿੱਦਾਂ ਪੰਛੀ ਵੀ ਸਵੇਰੇ ਸ਼ਾਮ ਇੰਨਾਂ ਦਰੱਖਤਾਂ ਉੱਤੇ ਚਹਿਕਦੇ ਸਨ !
ਕਿੱਥੇ ਗਏ ਬੇਰ ਤੇ ਜਾਮਣਾਂ ਟੁੱਕ ਟੁੱਕ ਹੇਠਾਂ ਸੁੱਟਣ ਵਾਲੇ ਤੋਤੇ ?
ਤੇ ਮੈਨੂੰ ਯਾਦ ਹੈ ਕਿ ਕਿਵੇਂ
ਇੰਨਾਂ ਰੁੱਖਾਂ ਹੇਠ ਦੁਪਹਿਰ ਕੱਟਣ ਲਈ
ਆ ਬੈਠਦੀਆਂ ਸਨ ਵਿਹੜੇ ਵਾਲੀਆਂ ਗੁਆਂਢਣਾਂ
ਕਿੰਨੀਆਂ ਗੱਲਾਂ ਸੁਣਦੇ ਸਾਂ ਉੱਨਾਂ ਦੀਆਂ ਅਸੀ !
ਕਿੱਦਾਂ ਵੱਟਦੀਆਂ ਸਨ ਸੇਵੀਆਂ !
ਤੇ ਲਾਉਂਦੀਆਂ ਸਨ ਹੇਕਾਂ !
ਪਾਉਂਦੀਆਂ ਸਨ ਬੋਲੀਆਂ ਤੇ ਗਿੱਧੇ !
ਉਹ ਸਭਿਆਚਾਰ ਕਿਉਂ ਖਤਮ ਕਰ ਦਿੱਤਾ ਇੰਨਾਂ ਲੋਕਾਂ ਨੇ ?
ਮੇਰੇ ਦੋਸਤ
ਤੇਰਾ ਘਰ ਹੁਣ ਤੇਰਾ ਘਰ ਲੱਗ ਹੀ ਨਹੀਂ ਰਿਹਾ
ਖੁਰ ਗਿਆ ਸਭ ਕੁਝ !
ਤੇਰੇ ਤਾਂ ਆਲੇ ਦੁਆਲੇ ਵਾਲੇ ਪਿੰਡ ਵੀ ਸ਼ਹਿਰਾਂ ਵਾਂਗ
ਸ਼ੀਸ਼ੇ ਦੇ ਜੰਗਲ ਹੀ ਬਣ ਚੁੱਕੇ ਹਨ !
ਲੱਗਦਾ ਹੈ ਲੋਕਾਂ ਨੇ
ਸਾਰਾ ਜ਼ੋਰ ਆਪੋ ਆਪਣੇ ਘਰ ਬਣਾਉਣ ਉੱਤੇ ਹੀ ਲਾ ਦਿੱਤਾ
ਕਿੱਥੇ ਗਏ ਉਹ ਵਾਲੇ ਸੰਯੁਕਤ ਪਰਿਵਾਰ ?
ਸਾਂਝੇ ਤੰਦੂਰ
ਪਿੰਡ ਦੀਆਂ ਹੱਟੀਆਂ
ਦਾਣੇ ਭਨਾਉਣ ਵਾਲੀਆਂ ਭੱਠੀਆਂ ?
ਪੇਂਡੂ ਵਿਰਸਾ ਤੇ ਸਭਿਆਚਾਰ ਕਿੱਥੇ ਰੁੜ ਗਿਆ ?
ਮੈਨੂੰ ਨਹੀ ਲੱਗਦਾ ਇਨ੍ਹਾਂ ਸ਼ੀਸ਼ੇ ਦੇ ਜੰਗਲਾਂ ਵਿਚ
ਕੋਈ ਪੰਛੀ ਵੀ ਚਹਿਕਦਾ ਹੋਵੇ
ਪੰਛੀ ਏਥੇ ਕਿਉਂ ਬੈਠਣਗੇ ?
ਪੰਛੀ ਤਾਂ ਰੁੱਖਾਂ ਉੱਤੇ ਹੀ ਬੈਠਦੇ
ਰੁੱਖਾਂ ਉੱਤੇ ਹੀ ਆਲ੍ਹਣੇ ਪਾਉਂਦੇ
ਰੁੱਖਾਂ ਉੱਤੇ ਹੀ ਗਾਉਂਦੇ
ਰੁੱਖਾਂ ਉੱਤੇ ਹੀ ਸੌਦੇ ਹਨ
ਤੇ ਕੁਝ ਸਮੇਂ ਬਾਦ ਉਥੋ ਵੀ ਉੱਡ ਜਾਂਦੇ
ਏਥੋਂ ਤੱਕ ਕਿ ਬਣੇ ਬਣਾਏ ਆਲ੍ਹਣੇ ਵੀ ਛੱਡ ਜਾਂਦੇ ਹਨ
ਵਾਹ! ਜੀਣ ਦੇ ਅੰਦਾਜ਼ ਕੋਈ ਪੰਛੀਆਂ ਤੋਂ ਸਿੱਖੇ
ਪੰਛੀਆਂ ਦੇ ਜਿਊਣ ਦੇ ਅੰਦਾਜ਼ ਉੱਤੇ
ਕਿਸੇ ਨੂੰ ਕੋਈ ਗਿਲਾ ਸ਼ਿਕਵਾ ਨਹੀਂ
ਗ਼ਿਲਾ ਸ਼ਿਕਵਾ ਹੋਵੇ ਵੀ ਕਿਉਂ ?
ਪੰਛੀ ਕਿਹੜਾ ਕਿਸੇ ਦਾ ਕੁਝ ਵਿਗਾੜਦੇ ਹਨ !
ਉੱਡਦੇ ਹਨ
ਚੋਗਾ ਚੁਗਦੇ ਹਨ
ਰਲ ਮਿਲ ਕੇ ਬੈਠਦੇ ਹਨ
ਇੱਕ ਦੂਜੇ ਦਾ ਹਾਲ ਪੁੱਛਦੇ ਹਨ
ਟਾਹਣੀਆਂ ਉੱਤੇ ਗਾਉਂਦੇ
ਤੇ ਟਾਹਣੀਆਂ ਉੱਤੇ ਹੀ ਸੌਂ ਜਾਂਦੇ ਹਨ
ਪਰ ਏਥੇ ਤਾਂ ਕੋਈ ਮੁਸੀਬਤ ਵਿਚ ਫਸਿਆਂ ਦੀ
ਖ਼ਬਰ ਲੈਣ ਵੀ ਟਾਈਮ ਸਿਰ ਨਹੀਂ ਪਹੁੰਚਦਾ
ਮੇਰੇ ਦੋਸਤ
ਤੁਹਾਡੇ ਪਿੰਡ
ਹੁਣ ਪਿੰਡ ਹੀ ਨਹੀ ਲੱਗਦੇ
ਉਹ ਤਾਂ ਹੁਣ ਕਸਬੇ ਲੱਗਦੇ ਹਨ
ਸ਼ਹਿਰ ਲੱਗਦੇ ਹਨ
ਲੋਕਾਂ ਨੇ ਇੱਟਾਂ ਪੱਥਰਾਂ ਦੇ
ਛੋਟੇ ਮੋਟੇ ਮਹੱਲਾਂ ਵਰਗੇ ਘਰ ਹੀ ਤਾਂ ਬਣਾ ਛੱਡੇ ਨੇ !
ਘਰਾਂ ਉੱਤੇ ਮਕਰਾਨੇ ਵਾਲਾ ਰਾਜਿਸਤਾਨੀ ਪੱਥਰ
ਤੇ ਕਾਰਪੋਰੇਟ ਘਰਾਣਿਆਂ ਵਾਲਿਆਂ ਵਰਗੀਆਂ
ਲਿਸ਼ਕਵੀਆਂ ਆਇਤਾਕਾਰ ਤੇ ਵਰਗਾਕਾਰ
ਟਾਇਲਾਂ ਲਗਵਾ ਦਿੱਤੀਆਂ ਗਈਆਂ ਹਨ
ਤੇ ਲਿੱਪ ਲਿਪ ਕੇ ਪੋਚ ਪੋਚ ਕੇ ਰੱਖਣ ਵਾਲੇ ਕੱਚੇ ਵਿਹੜੇ
ਸੰਗਮਰਮਰ ਤੇ ਕੋਟਾ ਸਟੋਨ ਥੱਲੇ ਦੱਬ ਦਿੱਤੇ ਗਏ ਹਨ !!
ਪਰ ਹੜ੍ਹ ਨੇ ਤਾਂ ਮੁਆਫ਼ ਨਹੀਂ ਕੀਤਾ !
ਹੜ੍ਹਾਂ ਨੇ ਤਾਂ ਫੱਟੇ ਚੱਕ ਦਿੱਤੇ ਅਣਗਿਣਤ ਘਰਾਂ ਦੇ !
ਘਰਾਂ ਦੀਆਂ ਨੀਹਾਂ ਦੇ ਹੇਠਾਂ ਤੱਕ
ਜਾ ਪਹੁੰਚਿਆ ਹੈ ਹੜ੍ਹਾਂ ਦਾ ਰੋੜੂ ਪਾਣੀ !!
ਸਿਆਣੇ ਵੀ ਇਹੀ ਕਹਿੰਦੇ ਆਏ
ਕਿ ਪਾਣੀ ਆਪਣਾ ਰਾਹ ਆਪੇ ਬਣਾ ਲੈੰਦਾ ਹੁੰਦਾ !!
ਮੇਰੇ ਦੋਸਤ
ਤੌਬਾ ! ਤੌਬਾ !!
ਕਿੰਨਾ ਕੁਝ ਢਾਹ ਸੁੱਟਿਆ ਹੜ੍ਹਾਂ ਦੇ ਰੋੜੂ ਪਾਣੀ ਨੇ
ਬਿਲਕੁਲ ਉਸ ਤਰ੍ਹਾਂ
ਜਿਸ ਤਰ੍ਹਾਂ ਬਚਪਨ ਵਿਚ ਤੁੰ ਤੇ ਮੈ
ਪੈਰਾਂ ਉੱਤੇ ਮਿੱਟੀ ਪਾ ਪਾ ਕੇ
ਤੇ ਉਸ ਮਿੱਟੀ ਨੂੰ ਹਥੇਲੀਆਂ ਨਾਲ ਨੱਪ ਨੱਪ ਕੇ
ਮਿੱਟੀ ‘ਚੋਂ ਹੌਲੀ ਜਿਹੀ ਪੈਰ ਖਿੱਚ ਖਿੱਚ ਕੇ
ਆਹ ਮੇਰਾ ,
ਆਹ ਮੇਰਾ ਕਹਿ ਕੇ
ਰੇਤ ਦੇ ਘਰ ਬਣਾਉਂਦੇ ਹੁੰਦੇ ਸਾਂ
ਤੇ ਫਿਰ ਅਕਸਰ ਹੀ ਪੈਰ ਮਾਰ ਕੇ
ਇਕ ਦੂਜੇ ਦੇ ਰੇਤ ਦੇ ਬਣੇ ਘਰ ਢਾਹ ਦਿੰਦੇ ਸਾਂ
ਤੇ ਫਿਰ ਦਿਲ ਬਹਿਲਾਉਣ ਲਈ
ਉਨ੍ਹਾਂ ਢਾਹੇ ਘਰਾਂ ਵੱਲ ਵੇਖ ਕੇ ਆਪੇ ਹੀ ਕਹਿ ਦਿੰਦੇ
ਕਿ ਹੱਥਾਂ ਨਾਲ ਬਣਾਇਆ ਸੀ
ਪੈਰਾਂ ਨਾਲ ਢਾਹਿਆ ਸੀ
ਮੇਰੇ ਦੋਸਤ ਰੇਤ ਦੇ ਘਰ ਰੇਤ ਦੇ ਘਰ ਹੀ ਹੁੰਦੇ ਹਨ
ਕਿੱਡਾ ਦੁਖਾਂਤ ਹੈ ਮੇਰੇ ਦੋਸਤ
ਅੰਤ ਸਭ ਕੁਝ ਮਿੱਟੀ ਵਿੱਚ ਹੀ ਰਲ ਜਾਂਦਾ ਹੈ
ਹਾਂ ਹਾਂ ਰਲ ਜਾਂਦਾ ਹੈ ਸਭ ਕੁਝ ਮਿੱਟੀ ਵਿੱਚ …
ਰਘਵੀਰ ਸਿੰਘ ਟੇਰਕਿਆਨਾ
ਚੈੰਬਰ ਨੰਬਰ 32
ਡਿਸਟ੍ਰਿਕਟ ਕੋਰਟਸ ਹੁਸ਼ਿਆਰਪੁਰ
ਫ਼ੋਨ : 9814173402


