ਸਾਬਕਾ ਜਥੇਦਾਰ Giani Raghbir Singh ਨੇ SGPC ਦੇ ਫੈਸਲੇ ਦਾ ਕੀਤਾ ਸਵਾਗਤ
ਅੰਮ੍ਰਿਤਸਰ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਗਏ 72 ਘੰਟਿਆਂ ਦੇ ਸਮੇਂ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਗਏ 72 ਘੰਟਿਆਂ ਦੇ ਸਮੇਂ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ 26 ਫ਼ਰਵਰੀ ਨੂੰ SGPC ਦੀ ਮੀਟਿੰਗ ਹੋਈ, ਜਿਸ ਵਿੱਚ ਉਹੀ ਫੈਸਲਾ ਲਿਆ ਗਿਆ ਜਿਸਦਾ ਅਨੁਮਾਨ ਸੰਗਤ ਪਹਿਲਾਂ ਤੋਂ ਹੀ ਲਗਾ ਰਹੀ ਸੀ। ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਫੈਸਲੇ ਨੂੰ ਉਹ ਸਿਰ ਝੁਕਾ ਕੇ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਜਾਂ ਮਨਮੁਟਾਵ ਨਹੀਂ ਹੈ।
ਉਨ੍ਹਾਂ ਕਿਹਾ, “ਜੋ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ, ਉਹੀ ਹੋਵੇਗਾ।” ਨਾਲ ਹੀ ਉਨ੍ਹਾਂ ਸੰਗਤ ਅੱਗੇ ਬੇਨਤੀ ਰੱਖੀ ਕਿ ਇਸ ਸਾਰੇ ਵਰਤਾਰੇ ਦੇ ਪਿੱਛੇ 2 ਦਸੰਬਰ ਦੇ ਫੈਸਲੇ ਕੇਂਦਰੀ ਕਾਰਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਕੁਝ ਹੋਰ ਢੰਗ ਨਾਲ ਕੀਤੇ ਜਾਂਦੇ, ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਥ ਦੀ ਹਾਜ਼ਰੀ ਵਿੱਚ ਜੋ ਫੈਸਲੇ ਲਏ ਗਏ, ਉਹ ਗੁਰਮਤ ਅਤੇ ਪੰਥਕ ਭਾਵਨਾਵਾਂ ਦੇ ਅਨੁਸਾਰ ਸਨ ਅਤੇ ਉਨ੍ਹਾਂ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟੇ।
ਗਿਆਨੀ ਰਘਬੀਰ ਸਿੰਘ ਨੇ ਪਿਛਲੇ ਕੁਝ ਸਾਲਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਬਣਾਕੇ ਹਟਾਇਆ ਗਿਆ, ਫਿਰ 7 ਮਾਰਚ 2025 ਨੂੰ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਖ਼ਤ ਸਾਹਿਬ ਦੀਆਂ ਸੇਵਾਵਾਂ ਤੋਂ ਅਲੱਗ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ’ਤੇ ਵੀ ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਏ ਗਏ ਕਿ ਉਹ ਕੁਝ ਖਾਸ ਬਿਆਨ ਦੇਣ ਜਾਂ ਕੁਝ ਫੈਸਲਿਆਂ ਨਾਲ ਸਹਿਮਤ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਸਾਰੀ ਗੱਲ ਉਹ ਪਹਿਲਾਂ ਹੀ ਸੰਗਤ ਨਾਲ ਸਾਂਝੀ ਕਰ ਚੁੱਕੇ ਹਨ।
ਲੰਗਰ ਘੋਟਾਲੇ ਅਤੇ ਹੋਰ ਆਰਥਿਕ ਬੇਨਿਯਮੀਆਂ ਬਾਰੇ ਬੋਲਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੱਕੇ ਦਸਤਾਵੇਜ਼ੀ ਸਬੂਤ ਮੌਜੂਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਬੂਤ ਉਹ ਹੌਲੀ-ਹੌਲੀ ਸੰਗਤ ਸਾਹਮਣੇ ਰੱਖਣਗੇ, ਤਾਂ ਜੋ SGPC ਨੂੰ ਭਰਿਸ਼ਟਾਚਾਰ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਕੀ ਗੋਲਕ ਦੀ ਲੁੱਟ ਕਸੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਣੀ ਚਾਹੀਦੀ।
ਅੰਤ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ SGPC ਆਪਣੇ ਆਪ ਵਿੱਚ ਇੱਕ ਬਹੁਤ ਪਵਿੱਤਰ ਸੰਸਥਾ ਹੈ, ਜਿਸਦੀ ਸਥਾਪਨਾ ਸ਼ਹੀਦਾਂ ਦੀ ਕੁਰਬਾਨੀ ਨਾਲ ਹੋਈ ਹੈ। “ਸੰਸਥਾ ਮਾੜੀ ਨਹੀਂ, ਪਰ ਜਿਸ ਸਿਸਟਮ ਦੇ ਅਧੀਨ ਇਹ ਚੱਲ ਰਹੀ ਹੈ, ਉਹ ਖਰਾਬ ਹੋ ਚੁੱਕਾ ਹੈ,” ਉਨ੍ਹਾਂ ਕਿਹਾ। ਗਿਆਨੀ ਰਘਬੀਰ ਸਿੰਘ ਨੇ ਦੁਹਰਾਇਆ ਕਿ ਉਹ ਆਪਣੇ ਨਾਲ ਹੋਏ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਭਰਿਸ਼ਟਾਚਾਰ ਅਤੇ ਸੰਗਤ ਦੇ ਸ਼ੋਸ਼ਣ ਨਾਲ ਜੁੜੇ ਸਾਰੇ ਸੱਚ ਸੰਗਤ ਦੇ ਸਾਹਮਣੇ ਲਿਆਂਦੇ ਜਾਣਗੇ।


