ਪੰਜਾਬ ਵਿੱਚ ਹੜ੍ਹਾਂ ਦਾ ਕਹਿਰ – ਹੁਸ਼ਿਆਰਪੁਰ ਤੇ ਤਰਨ ਤਾਰਨ ਸਭ ਤੋਂ ਵੱਧ ਪ੍ਰਭਾਵਿਤ
ਸਭ ਤੋਂ ਵੱਧ ਨੁਕਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਹਲਕੇ ਦੇ ਪਿੰਡ ਅਬਦੁੱਲਾਪੁਰ ਵਿੱਚ ਦਰਜ ਕੀਤਾ ਗਿਆ ਹੈ, ਜਿੱਥੇ ਪਿੰਡਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ।

By : Gill
ਹੁਸ਼ਿਆਰਪੁਰ/ਤਰਨ ਤਾਰਨ : ਬਿਆਸ ਦਰਿਆ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧ ਜਾਣ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਸਭ ਤੋਂ ਵੱਧ ਨੁਕਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਹਲਕੇ ਦੇ ਪਿੰਡ ਅਬਦੁੱਲਾਪੁਰ ਵਿੱਚ ਦਰਜ ਕੀਤਾ ਗਿਆ ਹੈ, ਜਿੱਥੇ ਪਿੰਡਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ। ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਲਈ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਰਾਹਤ ਕਾਰਜ ਜਾਰੀ ਹਨ।
ਤਰਨ ਤਾਰਨ 'ਚ ਹਜ਼ਾਰਾਂ ਏਕੜ ਫ਼ਸਲ ਡੁੱਬੀ
ਤਰਨ ਤਾਰਨ ਜ਼ਿਲ੍ਹਾ ਵੀ ਹੜ੍ਹਾਂ ਦੇ ਭਾਰੀ ਪ੍ਰਹਾਰ ਦਾ ਸ਼ਿਕਾਰ ਹੈ। ਬਿਆਸ ਦਰਿਆ ਦੇ ਉੱਫਾਣ ਕਾਰਨ ਸੈਂਕੜੇ ਏਕੜ ਖੇਤ ਪਾਣੀ ਹੇਠ ਆ ਗਏ ਹਨ। ਚੋਲਾ ਸਾਹਿਬ ਇਲਾਕੇ ਵਿੱਚ ਵੀ ਨੀਵੇਂ ਇਲਾਕਿਆਂ ਵੱਲ ਪਾਣੀ ਵੜ ਗਿਆ ਹੈ। ਤਿੰਨ ਪਿੰਡਾਂ ਵਿੱਚ ਕੁੱਲ ਮਿਲਾ ਕੇ 5,000 ਏਕੜ ਤੋਂ ਵੱਧ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ।
ਫ਼ਸਲਾਂ ਦੇ ਨਾਸ ਹੋਣ ਨਾਲ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੇ ਰਾਜ ਸਰਕਾਰ ਤੋਂ ਤੁਰੰਤ ਮੁਆਵਜ਼ੇ ਅਤੇ ਸਹਾਇਤਾ ਦੀ ਮੰਗ ਕੀਤੀ ਹੈ।


