ਫੜਨਵੀਸ ਨੇ ਉਹ ਕੀਤਾ ਜੋ ਬਾਲ ਠਾਕਰੇ ਨਹੀਂ ਕਰ ਸਕੇ !
ਊਧਵ ਠਾਕਰੇ ਨੇ ਵੀ ਇਹ ਗੱਲ ਮੰਨਦੇ ਹੋਏ ਕਿਹਾ ਕਿ ਅਸੀਂ ਇਕੱਠੇ ਹਾਂ ਅਤੇ ਇਕੱਠੇ ਰਹਾਂਗੇ। ਹੁਣ ਅਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢਾਂਗੇ ਜੋ ਸਾਨੂੰ ਸਿਰਫ਼ ਵਰਤਦੇ ਹਨ ਅਤੇ ਫਿਰ ਛੱਡ ਦਿੰਦੇ ਹਨ।

ਮਹਾਰਾਸ਼ਟਰ ਵਿੱਚ ਹੋਈ ਇੱਕ ਸਾਂਝੀ ਰੈਲੀ ਦੌਰਾਨ, ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਰਾਜ ਠਾਕਰੇ ਨੇ ਦਿਲਚਸਪ ਟਿੱਪਣੀ ਕੀਤੀ ਕਿ ਜੋ ਕੰਮ ਬਾਲ ਠਾਕਰੇ ਨਹੀਂ ਕਰ ਸਕੇ, ਉਹ ਅੱਜ ਦੇਵੇਂਦਰ ਫੜਨਵੀਸ ਨੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਫੜਨਵੀਸ ਨੇ ਸਾਨੂੰ ਦੋਵਾਂ ਭਰਾਵਾਂ—ਰਾਜ ਠਾਕਰੇ ਅਤੇ ਊਧਵ ਠਾਕਰੇ—ਨੂੰ ਇਕੱਠੇ ਖੜ੍ਹਾ ਕਰ ਦਿੱਤਾ। ਊਧਵ ਠਾਕਰੇ ਨੇ ਵੀ ਇਹ ਗੱਲ ਮੰਨਦੇ ਹੋਏ ਕਿਹਾ ਕਿ ਅਸੀਂ ਇਕੱਠੇ ਹਾਂ ਅਤੇ ਇਕੱਠੇ ਰਹਾਂਗੇ। ਹੁਣ ਅਸੀਂ ਉਹਨਾਂ ਲੋਕਾਂ ਨੂੰ ਬਾਹਰ ਕੱਢਾਂਗੇ ਜੋ ਸਾਨੂੰ ਸਿਰਫ਼ ਵਰਤਦੇ ਹਨ ਅਤੇ ਫਿਰ ਛੱਡ ਦਿੰਦੇ ਹਨ।
ਰਾਜ ਠਾਕਰੇ ਨੇ ਭਾਸ਼ਾ ਦੇ ਮੁੱਦੇ 'ਤੇ ਵੀ ਆਪਣੀ ਰਾਏ ਦਿੱਤੀ। ਉਨ੍ਹਾਂ ਕਿਹਾ ਕਿ ਹਿੰਦੀ ਇੱਕ ਚੰਗੀ ਭਾਸ਼ਾ ਹੈ ਅਤੇ ਸਾਨੂੰ ਹਿੰਦੀ ਪਸੰਦ ਹੈ, ਪਰ ਹਿੰਦੀ ਭਾਸ਼ਾ ਥੋਪਣਾ ਕਦੇ ਵੀ ਮਨਜ਼ੂਰ ਨਹੀਂ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਮਰਾਠੀ ਲੋਕਾਂ ਦੀ ਏਕਤਾ ਦੇ ਦਬਾਅ ਹੇਠ ਤਿੰਨ ਭਾਸ਼ਾਈ ਫਾਰਮੂਲੇ ਵਾਲਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਫਾਰਮੂਲਾ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਇੱਕ ਸਾਜ਼ਿਸ਼ ਦਾ ਹਿੱਸਾ ਸੀ।
ਰਾਜ ਠਾਕਰੇ ਨੇ ਆਗਾਹ ਕੀਤਾ ਕਿ ਭਵਿੱਖ ਵਿੱਚ ਇਹ ਲੋਕ ਭਾਸ਼ਾ ਤੋਂ ਇਲਾਵਾ ਜਾਤੀ ਦੀ ਰਾਜਨੀਤੀ ਵੀ ਕਰਨਗੇ ਅਤੇ ਮਰਾਠੀ ਲੋਕਾਂ ਦੀ ਏਕਤਾ ਨੂੰ ਕਦੇ ਵੀ ਮਜ਼ਬੂਤ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਹਿੰਦੀ ਭਾਸ਼ੀ ਸੂਬੇ ਆਰਥਿਕ ਤੌਰ 'ਤੇ ਪਿੱਛੜੇ ਹਨ ਅਤੇ ਉੱਥੋਂ ਦੇ ਲੋਕ ਅਕਸਰ ਹੋਰ ਸੂਬਿਆਂ ਵਿੱਚ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇ ਹਿੰਦੀ ਇੰਨੀ ਲਾਭਕਾਰੀ ਹੈ ਤਾਂ ਉਹਨਾਂ ਸੂਬਿਆਂ ਨੇ ਤਰੱਕੀ ਕਿਉਂ ਨਹੀਂ ਕੀਤੀ?
ਅੰਤ ਵਿੱਚ, ਰਾਜ ਠਾਕਰੇ ਨੇ ਕਿਹਾ ਕਿ ਇਹ ਸਾਰਾ ਹਿੰਦੀ ਥੋਪਣ ਦਾ ਮਾਮਲਾ ਸਿਰਫ਼ ਵੋਟਾਂ ਦੀ ਰਾਜਨੀਤੀ ਹੈ। ਜੇਕਰ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਨਾ ਕੀਤਾ ਹੁੰਦਾ, ਤਾਂ ਅਗਲਾ ਕਦਮ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨਾ ਹੁੰਦਾ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਮੰਤਰੀਆਂ ਦੀ ਹਿੰਦੀ ਸੁਣ ਲਵੋ ਤਾਂ ਤੁਸੀਂ ਹੈਰਾਨ ਰਹਿ ਜਾਓਗੇ।