ਯੂਰਪੀ ਨੇਤਾਵਾਂ ਨੂੰ ਅਮਰੀਕਾ ਦੌਰੇ 'ਤੇ ਬਰਨਰ ਫੋਨ ਵਰਤਣ ਦੀ ਸਲਾਹ
ਅਮਰੀਕਾ ਵਿੱਚ ਸਰਹੱਦੀ ਅਧਿਕਾਰੀਆਂ ਕੋਲ ਯਾਤਰੀਆਂ ਦੇ ਫੋਨ ਜਾਂ ਲੈਪਟਾਪ ਜਾਂਚਣ ਅਤੇ ਜ਼ਬਤ ਕਰਨ ਦਾ ਕਾਨੂੰਨੀ ਹੱਕ ਹੈ।

ਬ੍ਰਸੈਲਜ਼ : ਅਮਰੀਕਾ 'ਚ ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ, ਯੂਰਪ ਅਤੇ ਅਮਰੀਕਾ ਦੇ ਰਿਸ਼ਤੇ ਖਿੱਚਾਅ ਵਾਲੇ ਬਣ ਗਏ ਹਨ। ਇਸ ਤਣਾਅ ਦੇ ਮੱਦੇਨਜ਼ਰ, ਯੂਰਪੀਅਨ ਕਮਿਸ਼ਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਅਮਰੀਕਾ ਦੌਰੇ ਦੌਰਾਨ ਆਪਣੇ ਨਿਯਮਤ ਮੋਬਾਈਲ ਤੇ ਲੈਪਟਾਪ ਦੀ ਥਾਂ ਸਧਾਰਣ 'ਬਰਨਰ' ਫੋਨ ਅਤੇ ਬੇਸਿਕ ਲੈਪਟਾਪ ਵਰਤਣ ਦੀ ਸਲਾਹ ਦਿੱਤੀ ਹੈ।
ਬਰਨਰ ਫੋਨ ਕੀ ਹੈ?
ਇਹ ਅਜਿਹੇ ਸਸਤੇ ਤੇ ਅਸਥਾਈ ਫੋਨ ਹੁੰਦੇ ਹਨ ਜੋ ਸਿਰਫ਼ ਸਮੇਂ-ਕੁਝ ਸਮੇਂ ਲਈ ਵਰਤੇ ਜਾਂਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ ਨਸ਼ਟ ਕੀਤਾ ਜਾਂਦਾ ਹੈ। ਇਹਨਾਂ ਦੀ ਵਰਤੋਂ ਸੰਵੇਦਨਸ਼ੀਲ ਜਾਣਕਾਰੀ ਦੀ ਰੱਖਿਆ ਲਈ ਕੀਤੀ ਜਾਂਦੀ ਹੈ।
ਯੂਰਪੀਅਨ ਕਮਿਸ਼ਨ ਦੀ ਚਿੰਤਾ
ਯੂਰਪੀ ਅਧਿਕਾਰੀਆਂ ਨੂੰ ਚਿੰਤਾ ਹੈ ਕਿ ਅਮਰੀਕੀ ਖੁਫੀਆ ਏਜੰਸੀਆਂ ਉਨ੍ਹਾਂ ਦੀ ਗੁਪਤ ਜਾਣਕਾਰੀ ਤੱਕ ਪਹੁੰਚ ਹਾਸਲ ਕਰ ਸਕਦੀਆਂ ਹਨ। ਇੱਕ ਅਧਿਕਾਰੀ ਨੇ ਕਿਹਾ, "ਸਾਨੂੰ ਡਰ ਹੈ ਕਿ ਅਮਰੀਕੀ ਪ੍ਰਸ਼ਾਸਨ ਸਾਡੇ ਡਿਵਾਈਸਾਂ 'ਚ ਦਖ਼ਲ ਕਰ ਸਕਦਾ ਹੈ।"
ਪਹਿਲਾਂ ਇਹ ਤਜਵੀਜ਼ ਸਿਰਫ਼ ਚੀਨ ਜਾਂ ਯੂਕਰੇਨ ਵਰਗੇ ਦੇਸ਼ਾਂ ਦੀ ਯਾਤਰਾ ਲਈ ਸੀ, ਪਰ ਹੁਣ ਅਮਰੀਕਾ ਨੂੰ ਵੀ ਉਨ੍ਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਾਸ਼ਿੰਗਟਨ ਵਿੱਚ ਅਹੰਕਾਰਪੂਰਨ ਸਾਵਧਾਨੀਆਂ
ਅਗਲੇ ਹਫ਼ਤੇ ਵਾਸ਼ਿੰਗਟਨ ਡੀਸੀ 'ਚ ਆਈਐਮਐਫ ਅਤੇ ਵਿਸ਼ਵ ਬੈਂਕ ਦੀਆਂ ਮੀਟਿੰਗਾਂ ਦੌਰਾਨ ਯੂਰਪੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਿਰਫ਼ ਡਿਸਪੋਜ਼ੇਬਲ ਡਿਵਾਈਸਾਂ ਦੀ ਵਰਤੋਂ ਕਰਨ। ਉਨ੍ਹਾਂ ਨੂੰ ਅਮਰੀਕੀ ਸਰਹੱਦ 'ਤੇ ਆਪਣੇ ਜੰਤਰ ਬੰਦ ਰੱਖਣ ਅਤੇ ਉਨ੍ਹਾਂ ਨੂੰ ਐਂਟੀ-ਸਪਾਈ ਕਵਰ 'ਚ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ 'ਤੇ ਦਾਖਲਾ ਰੋਕ
ਅਮਰੀਕਾ ਵਿੱਚ ਸਰਹੱਦੀ ਅਧਿਕਾਰੀਆਂ ਕੋਲ ਯਾਤਰੀਆਂ ਦੇ ਫੋਨ ਜਾਂ ਲੈਪਟਾਪ ਜਾਂਚਣ ਅਤੇ ਜ਼ਬਤ ਕਰਨ ਦਾ ਕਾਨੂੰਨੀ ਹੱਕ ਹੈ। ਹਾਲੀਆਂ ਘਟਨਾਵਾਂ 'ਚ ਕਈ ਯੂਰਪੀ ਅਕਾਦਮਿਕ ਅਤੇ ਖੋਜਕਰਤਾਵਾਂ ਨੂੰ ਦਾਖਲਾ ਦੇਣ ਤੋਂ ਇਸ ਲਈ ਇਨਕਾਰ ਕੀਤਾ ਗਿਆ ਕਿ ਉਨ੍ਹਾਂ ਨੇ ਟਰੰਪ ਨੀਤੀਆਂ ਦੀ ਆਲੋਚਨਾ ਕੀਤੀ ਸੀ।